Breaking News
Home / Featured / ਪ੍ਰਵਾਸੀ ਭਾਰਤੀ ਸਮਾਜਿਕ ਆਰਥਿਕ ਵਿਕਾਸ ‘ਚ ਮਜ਼ਬੂਤ ਭਾਗੀਦਾਰ ਬਣਨ : ਪ੍ਰਧਾਨ ਮੰਤਰੀ

ਪ੍ਰਵਾਸੀ ਭਾਰਤੀ ਸਮਾਜਿਕ ਆਰਥਿਕ ਵਿਕਾਸ ‘ਚ ਮਜ਼ਬੂਤ ਭਾਗੀਦਾਰ ਬਣਨ : ਪ੍ਰਧਾਨ ਮੰਤਰੀ

pmਨਵੀਂ ਦਿੱਲੀ, 8 ਜਨਵਰੀ – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਵਧੇਰੇ ਜਵਾਬਦੇਹ ਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਕਾਨੂੰਨੀ ਅਤੇ ਨਿਯਮਬੱਧਤਾ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਅੱਜ ਕੋਚੀ ਵਿੱਚ 11ਵੇਂ ਪ੍ਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਵਾਸੀਆਂ ਦੀਆਂ ਆਸ਼ਾਵਾਂ ਲਗਾਤਾਰ ਵੱਧ ਰਹੀਆਂ ਹਨ। ਉਹ ਚਾਹੁੰਦੇ ਹਨ ਕਿ ਸਰਕਾਰ ਉਨਾਂ੍ਹ ਦੀਆਂ ਗੱਲਾਂ ਦਾ ਜਵਾਬ ਦੇਵੇ, ਸਰਕਾਰ ਵਿੱਚ ਪਾਰਦਰਸ਼ਿਤਾ ਆਵੇ ਤੇ ਉਹ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੇ ਸਮਰੱਥ ਹੋਵੇ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਨਾਂ੍ਹ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਦਾ ਜੋਸ਼ ਅਤੇ ਉਤਸ਼ਾਹ ਦੇਸ਼ ਵਿੱਚ ਸਾਕਾਰਆਤਮਿਕ ਤਬਦੀਲੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਵਿੱਚ ਵੀ ਮਨਜ਼ੂਰ ਕੀਤੀ ਗਈ 12ਵੀਂ ਪੰਜ ਸਾਲਾ ਯੋਜਨਾ ਵਿੱਚ 8 ਫੀਸਦੀ ਸਾਲਾਨਾ ਵਿਕਾਸ ਦਰ ਦਾ ਨਿਸ਼ਾਨਾ ਰੱਖਿਆ ਗਿਆ ਹੈ। ਇਸ ਟੀਚੇ ਨੂੰ ਹਾਸਿਲ ਕਰਨ ਵਾਸਤੇ ਸਾਨੂੰ ਵਿਸ਼ਾਲ ਸੋਮਿਆਂ, ਨੀਤੀਆਂ ਵਿੱਚ ਬਦਲਾਅ ਲਿਆਉਣ, ਵਿਕਾਸ ਦੇ ਨਵੇਂ ਢੰਗ ਤਰੀਕੇ ਲੱਭਣ ਅਤੇ ਨਿੱਜੀ ਜਨਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ 12ਵੀਂ ਪੰਜ ਸਾਲਾ ਯੋਜਨਾ ਵਿੱਚ ਵੀ ਪੇਂਡੂ ਖੇਤਰਾਂ ਤੇ ਦਿੱਤਾ ਜਾ ਰਿਹਾ ਜ਼ੋਰ ਜਾਰੀ ਰੱਖਿਆ ਜਾਵੇਗਾ, ਖੇਤੀ ਖੇਤਰ ਨੂੰ ਮਜ਼ਬੂਤ ਕੀਤਾ ਜਾਵੇਗਾ  ਕਿਉਂ ਜੋ ਅਜੇ ਵੀ ਦੇਸ਼ ਦੀ 65 ਫੀਸਦੀ ਵਸੋਂ ਖੇਤੀਬਾੜੀ ਉਪਰ ਨਿਰਭਰ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦਾ ਦੇਸ਼ ਦੇ ਨਾਲ ਗਹਿਰਾ ਸਬੰਧ ਕਾਇਮ ਰੱਖਣ ਲਈ ਸਰਕਾਰ ਹਰ ਸੰਭਵ ਯਤਨ ਕਰੇਗੀ ਅਤੇ ਉਨਾਂ੍ਹ ਦੇ ਹਿੱਤਾਂ ਦਾ ਪੂਰਾ ਧਿਆਨ ਰੱਖੇਗੀ।
ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਅਸੁਰੱਖਿਅਤ ਤੇ ਡਾਵਾਡੋਲ ਮਾਹੌਲ ਵਿੱਚ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਰੱਖਿਆ ਤੇ ਸੁਰੱਖਿਆ ਵੱਲ ਸਰਕਾਰ ਵਧੇਰੇ ਧਿਆਨ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਪ੍ਰਵਾਸੀ ਭਾਰਤੀ ਭਾਰਤ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭਾਗੀਦਾਰੀ ਦੀ ਭੂਮਿਕਾ ਅਦਾ ਕਰੇ । ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਵੱਖ ਵੱਖ ਕਦਮਾਂ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਨ ਫਰਾਂਸਿਸਕੋ ਦੇ ਗ਼ੱਦਰ ਮੈਮੋਰੀਅਲ ਦਾ ਵਿਸਥਾਰ ਕੀਤਾ ਜਾਵੇਗਾ ਤੇ ਇੱਥੇ ਮਿਉਜ਼ਿਅਮ ਅਤੇ ਲਾਇਬ੍ਰੇਰੀ ਬਣਾਈ ਜਾਵੇਗੀ।
ਇਸ ਮੌਕੇ ‘ਤੇ ਗਦਰ ਅੰਦੋਲਨ ਬਾਰੇ ਇੱਕ ਵਿਸ਼ੇਸ਼ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਤੇ ਪ੍ਰਵਾਸੀ ਭਾਰਤੀਆਂ ਲਈ ਇੱਕ ਕਿਤਾਬ ਜਾਰੀ ਕੀਤੀ। ਇਸ ਮੌਕੇ ‘ਤੇ ਸਮਾਗਮ ਦੇ ਮੁੱਖ ਮਹਿਮਾਨ ਮੌਰੀਸ਼ਸ ਦੇ ਰਾਸ਼ਟਰਪਤੀ ਸ਼੍ਰੀ ਰਾਜਕੇਸ਼ਵਰ ਪੁਰਿਯਾਗ ਤੇ ਪ੍ਰਵਾਸੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਵਿਯਾਲਾਰ ਰਵੀ ਵੀ ਮੌਜੂਦ ਸਨ। ਭਲਕੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਪ੍ਰਵਾਸੀ ਭਾਰਤੀ ਦਿਵਸ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ ਤੇ ਭਾਰਤੀ ਪ੍ਰਵਾਸੀ ਸਨਮਾਨਾਂ ਦੀ ਦੀ ਵੰਡ ਕਰਨਗੇ।