Breaking News
Home / National / ਹਿੰਦੁਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼: ਜੀ.ਕੇ. ਸਿੰਘ

ਹਿੰਦੁਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼: ਜੀ.ਕੇ. ਸਿੰਘ

Photo-DC-Meeting-regarding-Republic-Day-1,-Dt-8-1-13ਪਟਿਆਲਾ, 8 ਜਨਵਰੀ  – ” ਭਾਰਤ ਦੇ ਵਾਸੀਆਂ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਗਣਰਾਜ ਦਾ ਆਨੰਦ ਮਾਣ ਰਹੇ ਹਾਂ ਕਿਉਂਕਿ ਸਾਰੀਆਂ ਕੌਮਾਂ ਦੀ ਕਿਸਮਤ ਵਿੱਚ ਗਣਰਾਜ ਨਹੀਂ ਲਿਖਿਆ ਹੁੰਦਾ । ਸੈਂਕੜੇ ਵਰ੍ਹਿਆਂ ਤੱਕ ਗੁਲਾਮੀ ਦਾ ਸੰਤਾਪ ਭੋਗਣ ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ ਅਤੇ ਫਿਰ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਲਾਗੂ ਹੋਇਆ ਅਤੇ ਹਿੰਦੁਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਬਣ ਗਿਆ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ । ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ ਅਜ਼ਾਦ ਤਾਂ ਹੋ ਗਏ ਪਰ ਗਣਰਾਜ ਨਹੀਂ ਬਣ ਸਕੇ । ਉਨ੍ਹਾਂ ਕਿਹਾ ਕਿ ਦੇਸ਼ ਦੇ ਅਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਨੂੰ ਮਨਾਉਂਦੇ ਹੋਏ ਹਰੇਕ ਨਾਗਰਿਕ ਦੇ ਮਨ ਵਿੱਚ ਉਤਸ਼ਾਹ ਹੋਣਾ ਚਾਹੀਦਾ ਹੈ ਕਿਉਂਕਿ ਇਹ ਦਿਹਾੜੇ ਆਮ ਦਿਨਾਂ ਨਾਲੋਂ ਹਟ ਕੇ ਕੁਝ ਚੰਗਾ ਕਰਨ ਦੇ ਦਿਨ ਹਨ ਜਿਸ ‘ਤੇ ਸਮੁੱਚੇ ਰਾਸ਼ਟਰ ਨੂੰ ਮਾਣ ਹੋ ਸਕੇ ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਆਪਸੀ ਤਾਲਮੇਲ ਰੱਖਦੇ ਹੋਏ ਸਫਲ ਬਣਾਇਆ ਜਾਵੇ ਅਤੇ ਸਬ-ਡਵੀਜ਼ਨ ਪੱਧਰ ‘ਤੇ ਵੀ ਸਮਾਗਮਾਂ ਦਾ ਆਯੋਜਨ ਕਰਕੇ ਇਸ ਦਿਹਾੜੇ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ । ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਮੁੱਖ ਮਹਿਮਾਨ ਵੱਲੋਂ ਸਵੇਰੇ ਵਾਈ.ਪੀ.ਐਸ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ, ਆਈ.ਟੀ.ਬੀ.ਪੀ., ਪੰਜਾਬ ਹੋਮ ਗਾਰਡ, ਰੈਡ ਕਰਾਸ ਦੀ ਸੇਂਟ ਜੋਨ ਐਂਬੂਲੈਂਸ, ਸਕਾਉਟ ਐਂਡ ਗਰਲ ਗਾਈਡ, ਐਨ.ਸੀ.ਸੀ. ਏਅਰ ਵਿੰਗ, ਐਨ.ਸੀ.ਸੀ. ਲੜਕੀਆਂ ਅਤੇ ਆਈ.ਆਰ.ਬੀ. ਦੇ ਬੈਂਡ ਦੀਆਂ ਟੁਕੜੀਆਂ ਹਿੱਸਾ ਲੈਣਗੀਆਂ ਅਤੇ ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ, ਸਰਵ ਸਿੱਖਿਆ ਅਭਿਆਨ, ਮੁੱਖ ਖੇਤੀਬਾੜੀ ਅਫਸਰ, ਸਿਹਤ, ਬਾਗਬਾਨੀ, ਜੰਗਲਾਤ, ਖੇਡਾਂ, ਪਸ਼ੂ ਪਾਲਣ, ਮੱਛੀ ਪਾਲਣ, ਖੇਡ ਮਿਲਕ ਪਲਾਂਟ, ਮਾਰਕਫੈਡ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, 108 ਐਂਬੂਲੈਂਸ, ਪੇਡਾ ਤੇ ਸਟੇਟ ਬੈਂਕ ਆਫ ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਸ਼ਾਨਦਾਰ ਝਾਕੀਆਂ ਵੀ ਕੱਢੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵੱਲੋਂ ਜ਼ਿਲ੍ਹੇ ਦੇ ਲੋਕਾਂ ਦੇ ਨਾਂ ਸੰਦੇਸ਼ ਪੜ੍ਹਿਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲਾਂ ਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਜਾਵੇਗੀ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਨਿਗਰਾਨੀ ਹੇਠ ਝਾਕੀਆਂ ਦੀ ਤਿਆਰੀ ਨੂੰ ਨੇਪਰੇ ਚੜ੍ਹਾਉਣ । ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੂੰ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ ਐਗਜੀਕਿਊਟਿਵ ਮੈਜਿਸਟਰੇਟ ਦੀ ਨਿਗਰਾਨੀ ਹੇਠ ਸੱਭਿਆਚਾਰਕ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਕਾਰਜ ਕੀਤੇ ਜਾਣ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੇਜ਼ ਠੰਢ ਦੇ ਮੱਦੇਨਜ਼ਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਰਿਹਰਸਲ ਕਰਨ ਵਾਲੇ ਬੱਚਿਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਦੱਸਿਆ ਕਿ ਰਿਹਰਸਲਾਂ 15 ਜਨਵਰੀ ਤੋਂ ਪੋਲੋ ਗਰਾਊਂਡ ਵਿਖੇ ਸ਼ੁਰੂ ਹੋਣਗੀਆਂ ਅਤੇ ਵਾਈ.ਪੀ.ਐਸ ਵਿਖੇ 22 ਅਤੇ 23 ਜਨਵਰੀ ਨੂੰ ਰਿਹਰਸਲਾਂ ਹੋਣ ਤੋਂ ਬਾਅਦ 24 ਜਨਵਰੀ ਨੂੰ ਵਾਈ.ਪੀ.ਐਸ. ਵਿਖੇ ਹੀ ਫੁਲ ਡਰੈਸ ਰਿਹਰਸਲ ਹੋਵੇਗੀ । ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧੇ ਜਦਕਿ ਸਰਕਾਰੀ ਸਕੂਲਾਂ/ਕਾਲਜਾਂ ਵਿੱਚੋਂ ਭੰਗੜਾ ਕਲਾਕਾਰਾਂ ਦੀ ਟੀਮ ਦਾ ਗਠਨ ਕਰਕੇ ਗਣਤੰਤਰ ਦਿਵਸ ਸਮਾਗਮ ਦੌਰਾਨ ਭੰਗੜੇ ਦੀ ਪੇਸ਼ਕਾਰੀ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਮੋਟਰ ਸਾਈਕਲਾਂ ਦੇ ਕਰਤਬ ਵੀ ਦਿਖਾਏ ਜਾਣਗੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ, ਐਗਜ਼ੀਕਿਊਟਿਵ ਮੈਜਿਸਟਰੇਟ ਸ਼੍ਰੀਮਤੀ ਪੂਜਾ ਸਿਆਲ, ਐਸ.ਡੀ.ਐਮ. ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਾਹਲ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸ਼੍ਰੀ ਨਾਜਰ ਸਿੰਘ, ਐਸ.ਪੀ. ਸਿਟੀ ਸ਼੍ਰੀ ਦਲਜੀਤ ਸਿੰਘ ਰਾਣਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਵਿਨੋਦ ਗਾਗਟ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਬਲਬੀਰ ਕੌਰ ਗਿੱਲ, ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਗੁਰਭਜਨ ਸਿੰਘ ਔਲਖ, ਡਾ. ਪ੍ਰਿਤਪਾਲ ਸਿੰਘ ਸਿੱਧੂ ਜੁਆਇੰਟ ਸਕੱਤਰ ਰੈਡ ਕਰਾਸ, ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਣ ਸ਼੍ਰੀ ਕੇਸਰ ਸਿੰਘ ਖੇੜੀ, ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਸੋਹਲ, ਜੀ.ਐਮ ਉਦਯੋਗ ਸ਼੍ਰੀ ਹਰਜਿੰਦਰ ਸਿੰਘ ਪੰਨੂ, ਸਕੱਤਰ ਜ਼ਿਲ੍ਹਾ ਪਰਿਸ਼ਦ ਸ਼੍ਰੀ ਹਰਦਿਆਲ ਸਿੰਘ ਚੱਠਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਤੇ ਹੋਰ ਨੁਮਾਂਿੲੰਦੇ ਵੀ ਹਾਜ਼ਰ ਸਨ।