Daily Aashiana
Punjabi Newspaper Online

ਗੁਰਮਤਿ ਸੰਗੀਤ ਗਾਇਨ ਸ਼ੈਲੀਆਂ ਵਿਚ ਰਹਾਓ ਦਾ ਮਹੱਤਵ ਅਤੇ ਕਾਰਜਸ਼ੀਲਤਾ

190

ਸਿੱਖ ਧਰਮ ਵਿਚ ਸ਼ਬਦ ਕੀਰਤਨ ਦਾ ਵਿਸ਼ੇਸ਼ ਮਹੱਤਵ ਹੈ। ਜੀਵਨ ਦੇ ਸਮੂੰਹ ਸੰਸਕਾਰ ਸ਼ਬਦ ਕੀਰਤਨ ਦੀ ਮਰਿਆਦਾ ਦੇ ਅੰਤਰਗਤ ਸੰਗੀਤ ਨਾਲ ਜੁੜੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪ੍ਰਾਪਤ ਹੋਣ ਵਾਲੀਆਂ ਸੇਧਾਂ ਤੇ ਸੰਗੀਤ ਵਿਗਿਆਨ ਅਨੁਸਾਰੀ ਸ਼ਬਦ ਗਾਇਨ ਨੂੰ ਗੁਰਮਤਿ ਸੰਗੀਤ ਵਜੋਂ ਜਾਣਿਆ ਜਾਂਦਾ ਹੈ।
ਕੇਵਲ ਰਾਗ ਜਾਂ ਨਿਰਧਾਰਤ ਰਾਗ ਵਿਚ ਸ਼ਬਦ ਦਾ ਗਇਨ ਕਰ ਲੈਣਾ ਗੁਰਮਤਿ ਸੰਗੀਤ ਨਹੀਂ ਹੈ। ਇਸ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਰ ਸਿਰਲੇਖਾਂ ਅਤੇ ਸੰਕੇਤਾਂ ਦਾ ਅਧਿਐਨ ਕਰਦਿਆਂ ਉਨਾਂ ਦਾ ਪਾਲਨ ਕਰਨਾ ਵੀ ਲਾਜ਼ਮੀ ਹੈ। ਅਜਿਹਾ ਕਰਨ ਨਾਲ ਬਾਣੀ ਦਾ ਸਹੀ ਭਾਵ ਸਰੋਤਿਆਂ ਤਕ ਪਹੁੰਚੇਗਾ।
ਸ਼ਬਦ ਕੀਰਤਨ ਦੀ ਵਿਵਹਾਰਕ ਮਰਿਆਦਾ ਵਿਚ ਸ਼ਬਦ ਦੀ ਸਥਾਈ ਵਜੋਂ ਪ੍ਰਯੋਗ ਹੋਣ ਵਾਲੀਆਂ ਤੁਕਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸ਼ਬਦ ਦੀ ਸੁਰ ਰਚਨਾ ਦੀ ਪਛਾਣ ਵੀ ਇਹੀ ਤੁਕਾਂ ਬਣਦੀਆਂ ਹਨ। ਜਦ ਅਸੀਂ ਕਿਸੇ ਕੀਰਤਨਕਾਰ ਤੋਂ ਕੋਈ ਵਿਸ਼ੇਸ਼ ਸ਼ਬਦ ਸਰਵਣ ਕਰਨਾ ਹੋਵੇ ਤਾਂ ਸ਼ਬਦ ਦੀ ਸਥਾਈ ਵਿਚ ਪ੍ਰਯੋਗ ਹੋਣ ਵਾਲੀਆਂ ਤੁਕਾਂ ਦਾ ਹੀ ਪ੍ਰਯੋਗ ਕਰਦੇ ਹਾਂ। ਇਸ ਤੋਂ ਸਿਧ ਹੁੰਦਾ ਹੈ ਕਿ ਸ਼ਬਦ ਗਾਇਨ ਵਿਚ ਪ੍ਰਯੋਗ ਹੋ ਰਹੇ ਸਮੂੰਹ ਸੰਗੀਤਕ ਤੱਤਾਂ ਵਿਚੋਂ ਸਥਾਈ ਦੀ ਤੁੱਕ ਸਰੋਤਿਆਂ ‘ਤੇ ਸਿੱਧਾ ਤੇ ਪ੍ਰਭਾਈ ਅਸਰ ਰਖਦੀ ਹੈ।
ਸ਼ਬਦ ਦੀ ਸਥਾਈ ਨਾਲ ਸਰੋਤਿਆਂ ਦੇ ਮਨਾਂ ਵਿਚ ਗੁਰਬਾਣੀ ਦੇ ਭਾਗ ਨੂੰ ਦ੍ਰਿੜਤਾ ਪ੍ਰਦਾਨ ਹੁੰਦੀ ਹੈ। ਸਬਦ ਦੀ ਸਥਾਈ ਵਿਚ ਦਿਤੇ ਗਏ ਸੰਦੇਸ਼ ਨੂੰ ਸੰਗਤਾਂ ਅਕਾਲੀ ਫੁਰਮਾਨ ਸਮਝਦੀਆਂ ਹਨ। ਪਰ ਕੁਝ ਕੀਰਤਨੀ ਜਥੇ ਸ਼ਬਦ ਦੀ ਸਥਾਈ ਲਈ ਤੁਕਾਂ ਦੀ ਚੋਣ ਕਰਨ ਲਗਿਆਂ ਬੇਧਿਆਨੀ ਨਾਲ ਕੁਝ ਅਜਿਹਾ ਕਰ ਜਾਂਦੇ ਹਨ ਜਿਸ ਨਾਲ ਜਿਥੇ ਸ਼ਬਦ ਦੇ ਭਾਵ ਬਿਲਕੁਲ ਬਦਲ ਜਾਂਦਾ ਹੈ, ਉਥੇ ਸਰੋਤਿਆਂ ਵੀ ਦਿਸ਼ਾਹੀਣ ਹੋ ਸਕਦੇ ਹਨ।
ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨਦੇਵ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 681 ‘ਤੇ ਰਾਗ ਧਨਾਸਰੀ ਅਧੀਨ ਅੰਕਿਤ ਸ਼ਬਦ ‘ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ’ ਅਕਸਰ ਸੁਣਦੇ ਹਾਂ। ਸ਼ਬਦ ਸੁਣਦਿਆਂ ਇਕਦਮ ਸਾਡੇ ਮਨ ਵਿਚ ਆਉਂਦਾ ਹੈ ਕਿ ਅਕਾਲ ਪੁਰਖ ਸਰਬ ਸ਼ਕਤੀਮਾਨ ਹੈ। ਗੁਰੂ ਅਰਜਨਦੇਵ ਜੀ ਫੂਰਮਾਉਂਦੇ ਹਨ ਕਿ ਜੋ ਵੀ ਅਸੀਂ ਗੁਰੂ ਤੋਂ ਮੰਗ ਲਈਏ, ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
‘ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ’ ਤੁਕਾਂ ਨੂੰ ਸ਼ਬਦ ਦੀ ਸਥਾਈ ਵਜੋਂ ਬਾਰ ਬਾਰ ਸੁਣ ਕੇ ਜੇਕਰ ਕੋਈ ਬੱਚਾ ਮੰਗ ਕਰੇ ਕਿ ਗੁਰੂ ਜੀ ਮੈਨੂੰ ਹੁਣੇ ਹੀ ਚਾਕਲੇਟ ਦਿਉ ਜਾਂ ਕੋਈ ਵੀ ਸਰੋਤਾ ਆਪਨੀ ਇੱਛਾ ਦੀ ਪੂਰਤੀ ਲਈ ਅਰਦਾਸ ਕਰੇ ਤੇ ਉਹ ਪੂਰੀ ਨਾ ਹੋਵੇ ਤਾਂ ਉਹ ਸੋਚੇਗਾ ਕਿ ਗੁਰੂ ਝੂਠਾ ਹੈ, ਜਾਂ ਬਾਣੀ ਵਿਚ ਅਸਰ ਨਹੀਂ ਹੈ। ਆਮ ਸਰੋਤੇ ਦੀ ਸੋਚ ਮੁਤਾਬਿਕ ਕਿਉਂਕਿ ਬਾਣੀ ਵਿਚ ਆਇਆ ਹੈ, ‘ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ’ ਇਸਲਈ ਸਭੇ ਇਛਾ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਪਰ ਮੇਰੀ ਮਨੋਕਾਮਨਾ ਪੂਰੀ ਕਿਉਂ ਨਹੀਂ ਹੁੰਦੀ, ਅਜਿਹਾ ਵਿਚਾਰ ਆਉਣਾ ਤਾਂ ਸੁਭਾਵਿਕ ਹੀ ਹੈ।
ਵਰਤਮਾਨ ਵਿਗਿਆਨਕ ਯੁਗ ਵਿਚ ਉਹੋ ਦ੍ਰਿਸ਼ਟੀਕੋਣ ਪ੍ਰਵਣਿਆਂ ਜਾਂਦਾ ਹੈ ਜਿਸ ਦੇ ਸਿੱਟੇ ਠੀਕ ਨਿਕਲਦੇ ਹੋਣ। ਝੂਠ ਦੇ ਸਿਰ ‘ਤੇ ਚਲਣਾ ਬਹੁਤ ਮੁਸ਼ਕਿਲ ਹੈ। ਉਪਰੋਕਤ ਸਮੱਸਿਆ ਦੇ ਹਲ ਲਈ ਸਾਨੂੰ ਗੁਰਮਤਿ ਸੰਗੀਤ ਦੇ ਸਮੂੰਹ ਕਾਰਜਸ਼ੀਲ ਤੱਤਾਂ ਸਬੰਧੀ ਉਚਿਤ ਗਿਆਨ ਹੋਣਾ ਅਤਿ ਲਾਜ਼ਮੀ ਹੈ। ‘ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ’ ਵਾਲੀ ਸਥਿਤੀ ਵਿਚ ਨਾ ਤਾਂ ਗੁਰੂ ਝੂਠਾ ਹੈ ਅਤੇ ਨਾ ਹੀ ਬਾਣੀ ਦੇ ਭਾਵ ਵਿਚ ਕੋਈ ਕਮੀ ਹੈ। ਫਰਕ ਕੇਵਲ ਸਾਡੀ ਤੁਛ ਬੁੱਧੀ ਦਾ ਹੈ। ਅਸੀਂ ਸੰਗਤਾਂ ਨੂੰ ਖੁਸ਼ ਕਰਨ ਲਈ ਸ਼ਬਦ ਦੀ ਸਥਾਈ ਰੱਖ ਲਈ ‘ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ’ ਤਾਂ ਜੋ ਜਜਮਾਨ ਖੁਸ਼ ਹੋ ਕੇ ਰਾਗੀ ਜਥੇ ਨੂੰ ਵੀ ਵੱਧ ਤੋਂ ਵੱਧ ਭੇਟਾਵਾਂ ਦੇਵੇ।
ਕੀਰਤਨਕਾਰ ਦੀ ਡਿਉਟੀ ਹੈ ਕਿ ਉਹ ਸਮੇਂ, ਉਤਸਵ, ਸੰਸਕਾਰ, ਮਜਮੂਨ ਨਾਲ ਸਬੰਧਤ ਬਾਣੀ ਚੋਂ ਸ਼ਬਦ ਗਾਇਨ ਦੁਆਰਾ ਗੁਰੂ ਦੇ ਸੰਦੇਸ਼ ਨੂੰ ਸੰਗਤਾਂ ਤਕ ਪਹੁੰਚਾਏ। ਪਰ ਜੇਕਰ ਸਾਡਾ ਉਦੇਸ਼ ਬਦਲ ਜਾਏਗਾ ਤਾਂ ਅਸੀਂ ਅਕਸਰ ਅਜਿਹੀਆਂ ਗਲਤੀਆ ਕਰ ਦੇਵਾਂਗੇ।
ਗੁਰਬਾਣੀ ਵਿਚ ਦਰਜ ਰਹਾਓ ਦੀਆਂ ਤੁਕਾਂ ਵਿਚ ਸ਼ਬਦ ਦੇ ਕੇਂਦਰੀ ਭਾਵ ਮੌਜੂਦ ਹੁੰਦਾ ਹੈ। ਰਹਾਓ ਦੀਆਂ ਤੁਕਾਂ ਵਿਚ ਵਰਣਿਤ ਭਾਵ ਨੂੰ ਅੰਕਾਂ ਅਨੁਸਾਰ ਵੰਡੀਆਂ ਸ਼ਬਦ ਦੀਆਂ ਪੰਕਤੀਆਂ ਵਿਚ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਜਾਂਦਾ ਹੈ। ਰਹਾਓ ਦੇ ਭਾਵ ਨੂੰ ਸਥਾਪਤ ਕਰਨ ਵਾਲੇ ਦ੍ਰਿਸ਼ਟਾਂਤ ਸ਼ਬਦ ਦਾ ਕੇਂਦਰੀ ਭਾਵ ਨਹੀਂ ਹੋ ਸਕਦੇ।
‘ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ’ ਸ਼ਬਦ ਦੀ ਰਹਾਓ ਦੀ ਤੁਕ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਇਸ ਪ੍ਰਕਾਰ ਦਰਜ ਹੈ:
ਧਨਾਸਰੀ ਮਹਲਾ 5॥
ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ॥
ਕਿ੍ਰਪਾ ਕਟਾਖੵ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ॥1॥
ਹਰਿ ਜਨ ਰਾਖੇ ਗੁਰ ਗੋਵਿੰਦ॥
ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥ ਰਹਾਉ॥
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ॥2॥14॥45॥
ਉਪਰੋਕਤ ਸ਼ਬਦ ਵਿਚ ਰਹਾਓ ਦੀ ਤੁਕ ਹੈ ‘ਹਰਿ ਜਨ ਰਾਖੇ ਗੁਰ ਗੋਵਿੰਦ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥’ ਜਿਸ ਤੋਂ ਸੰਦੇਸ਼ ਮਿਲਦਾ ਹੈ ਕਿ ਜੋ ਹਰਿ ਦਾ ਜਨ ਹੋ ਜਾਂਦਾ ਹੈ, ਜਾਂ ਉਸ ‘ਤੇ ਗੁਰ ਗੋਵਿੰਦ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਉਸਨੂੰ ਆਪਨੇ ਕੰਠ ਲਾ ਕੇ ਉਸਦੇ ਸਾਰੇ ਅਵਗੁਣ ਬਖ਼ਸ਼ ਦਿੰਦਾ ਹੈ ਅਤੇ ਉਸ ਉਤੇ ਕਿਰਪਾ ਹੋ ਜਾਂਦੀ ਹੈ। ਇਸ ਸਥਿਤੀ ਵਿਚ ਸ਼ਬਦ ਦੀ ਸਥਾਈ ਦੀ ਤੁਕ ਰਹਾਓ ਦੀ ਤੁਕ ਅਨੁਸਾਰੀ ‘ਹਰਿ ਜਨ ਰਾਖੇ ਗੁਰ ਗੋਵਿੰਦ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥’ ਬਣਦੀ ਹੈ।
ਜੇਕਰ ਅਸੀਂ ਹਰਿ ਦੇ ਜਨ ਹੋ ਜਾਵਾਂਗੇ। ਸਾਡੇ ਅਉਗੁਣ ਮਿਟ ਜਾਣਗੇ, ਜਿਸਦੇ ਫਲਸਰੂਪ ਚਤੁਰ ਦਿਸ਼ਾਵਾਂ ਵਿਚ ਸੋਭਾ ਹੋਵੇਗੀ। ਸਿਰ ‘ਤੇ ਅਕਾਲ ਪੁਰਖ ਦਾ ਹੱਥ ਹੋਵੇਗਾ। ਉਸਦੀ ਕਿਰਪਾ ਨਾਲ ਚੇਤਨਾਂ ਦਾ ਪ੍ਰਕਾਸ਼ ਹੋਵੇਗਾ। ਦੁਖਾਂ ਤੋਂ ਛੁਟਕਾਰਾ ਹੋ ਜਾਵੇਗਾ। (ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ॥ ਕਿ੍ਰਪਾ ਕਟਾਖੵ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ॥) ਇਸ ਸਥਿਤੀ ਵਿਚ ਪਹੁੰਚ ਕੇ ਸਾਡੀ ਅਵਸਥਾ ਹੋ ਜਾਵੇਗੀ ਕਿ ਅਸੀਂ ਆਪਨੇ ਠਾਕੁਰ ਤੋਂ ਜੋ ਵੀ ਮੰਗਾਂਗੇ ਸਾਨੂੰ ਜ਼ਰੂਰ ਮਿਲੇਗਾ। ਅਸੀਂ ਦੁਨਿਆਵੀ ਝਮੇਲਿਆਂ ਤੋ ਉਪਰ ਉਠ ਕੇ ਨਾਮ ਸਿਮਰਨ ਰਾਹੀਂ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰਨ ਵਿਚ ਸਫਲ ਹੋ ਸਕਾਂਗੇ।
ਇਸ ਲਈ ਰਾਗੀ ਸਿੰਘਾਂ ਨੂੰ ਸੁਚੇਤ ਹੋ ਕੇ ਪਹਿਰਾ ਦੇਣਾ ਚਾਹੀਦਾ ਹੈ ਕਿ ਸਬਦ ਦੀ ਰਹਾਓ ਵਾਲੀ ਤੁਕ ਨੂੰ ਹੀ ਸਥਾਈ ਵਜੋਂ ਪ੍ਰਯੋਗ ਕਰਨ। ਅਜਿਹਾ ਨਾ ਕਰਨ ਦੀ ਸੂਰਤ ਵਿਚ ਸਰੋਤਿਆਂ ਅਤੇ ਸੰਗਤਾਂ ਵਿਚ ਕਈ ਪ੍ਰਕਾਰ ਦੇ ਭਰਮ ਭੁਲੇਖੇ ਪੈਣੇ ਸੁਭਾਵਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦਾਂ ਵਿਚ ਇਕ ਤੋਂ ਵਧੀਕ ਰਹਾਓ ਵੀ ਪ੍ਰਯੋਗ ਕੀਤੇ ਗਏ ਹਨ ਉਨਾਂ ਦੀ ਚਰਚਾ ਅਗਲੇ ਲੇਖਾਂ ਵਿਚ ਕਰਨ ਦਾ ਯਤਨ ਰਹੇਗਾ।

– ਡਾ. ਕੰਵਲਜੀਤ ਸਿੰਘ
ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Loading...

Comments are closed.