Daily Aashiana
Punjabi Newspaper Online

ਹਿਸਾਰ ਵਿੱਚ ਹਰਿਆਣਾ ਦਾ ਪਹਿਲਾ ਕਵਿੱਤਰੀ-ਸੰਮੇਲਨ

4

ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਪੰਚਕੂਲਾ ਵੱਲੋਂ ਪੰਜਾਬੀ ਦੀਆਂ ਕਵਿੱਤਰੀਆਂ ਦਾ ਪਹਿਲਾ ਸੰਮੇਲਨ ਹਰਿਆਣਾ ਦੇ ਹਿਸਾਰ ਸ਼ਹਿਰ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾਇਰੈਕਟਰ ਸ੍ਰ.ਸੁਖਚੈਨ ਸਿੰਘ ਭੰਡਾਰੀ ਨੇ ਕੀਤੀ। ਪ੍ਰਸਿੱਧ ਸਮਾਜ-ਸੇਵਿਕਾ ਸ਼੍ਰੀਮਤੀ ਪੰਕਜ ਸੰਧੀਰ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸੰਸਕਾਰ ਭਾਰਤੀ, ਐਨ. ਜੀ. ਓ. ਦੇ ਰਾਜ-ਪ੍ਰਧਾਨ ਸ਼੍ਰੀ ਪ੍ਰਕਾਸ਼ ਅਰੋੜਾ ਜੀ ਅਤੇ ਲਾਇਨ ਸੁਰਿੰਦਰ ਛਿੰਦਾ ਜੀ  ਸਨ। ਇਸ ਪ੍ਰੋਗਰਾਮ ਦੀ ਸੰਯੋਜਿਕਾ  ਕਵਿੱਤਰੀ ਗੁਰਪ੍ਰੀਤ ਸੈਣੀ ਨੇ ਦੱਸਿਆ, ਕਿ ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਕਵਿੱਤਰੀਆਂ ਨੇ ਆਪਣੀਆਂ-ਆਪਣੀਆਂ ਕਵਿਤਾਵਾਂ ਨਾਲ਼ ਸਮਾਂ ਬੰਨ੍ਹਿਆ। ਲੁਧਿਆਣਾ ਤੋਂ ਆਈ ਮਸ਼ਹੂਰ ਕਵਿੱਤਰੀ ਸ਼੍ਰੀਮਤੀ ਗੁਰਚਰਨ ਕੌਰ ਕੋਚਰ ਨੇ ਆਪਣੀ ਕਵਿਤਾ ਵਿੱਚ…… ਇਨਸਾਨ ਦੀ ਜ਼ਾਤ ਦਾ ਜ਼ਿਕਰ ਇੰਝ ਕੀਤਾ-
ਬਣਾ ਦਿੰਦੇ ਹਾਂ ਆਪਾਂ ਹੀ ਓਹਨੂੰ ਹਿੰਦੂ ਯਾ ਸਿੱਖ ਮੁਸਲਿਮ।
ਕਿ ਮਾਂ ਦੀ ਕੁੱਖ ਤੋਂ ਜੰਮਿਆ ਤਾਂ ਹਰ ਇਨਸਾਨ ਹੁੰਦਾ ਹੈ॥
ਹਿਸਾਰ ਦੀ ਪ੍ਰਸਿੱਧ ਕਵਿੱਤਰੀ ਤੇ ਮੰਚ ਸੰਚਾਲਿਕਾ ਗੁਰਪ੍ਰੀਤ ਸੈਣੀ ਨੇ ਆਪਣੇ ਲਿਖੇ ਹਾਸ-ਰਸ ਭਰੇ ਟੱਪਿਆਂ ਨਲ਼ ਸਭ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ-
ਆਪ ਨਿੱਤ ਤੂੰ ਪਟੋਲੇ ਤੱਕਦੈਂ
ਜੇ ਮੈਂ ਕੋਈ ਬੰਦਾ ਤੱਕ ’ਲਾਂ
ਮੈਨੂੰ ਘੂਰੀਆਂ ਕਿਉਂ ਵੱਟਦੈਂ?

ਚੰਡੀਗੜ੍ਹ ਤੋਂ ਆਈ ਕਵਿੱਤਰੀ ਗੁਰਤੇਜ ਪਾਰਸਾ ਨੇ ਇੱਕ ਪ੍ਰੇਮਿਕਾ ਦੇ ਦਿਲ ਦੀ ਵੇਦਨਾ ਦੱਸਦੇ ਹੋਏ ਕਿਹਾ-
ਦੀਦ ਤੇਰੀ ਦੀ ਖ਼ਾਤਿਰ ਮੈਂ ਤਾਂ ਲੱਖਾਂ ਸਾਗਰ ਤਰਨੇ।
ਐਵੇਂ ਨਾ ਤੂੰ ਤੋੜ ਲਿਆਵੀਂ, ਮੈਂ ਤਾਰੇ ਕੀ ਕਰਨੇ??

ਸਿਰਸਾ ਤੋਂ ਸ਼ਿਰਕਤ ਕਰਨ ਵਾਲੀ ਕਵਿੱਤਰੀ ਸ਼ੀਲ ਕੌਸ਼ਿਕ ਨੇ ਧੀਆਂ ਦੇ ਮਹੱਤਵ ਨੂੰ ਦਰਸਾਉਂਦਿਆਂ ਕਿਹਾ-
ਧੀਆਂ ਦੇ ਨਾ ਹੋਣ ਦਾ ਮਤਲਬ ਹੁੰਦਾ ਹੈ ਭਾਸ਼ਾ ਦਾ ਗੁੰਮ ਹੋ ਜਾਣਾ।
ਧੀਆਂ ਦੇ ਨਾ ਹੋਣ ਦਾ ਮਤਲਬ ਹੁੰਦਾ ਹੈ, ਰੱਬ ਦਾ ਰੁੱਸ ਜਾਣਾ॥

ਮਨਜੀਤ ਅੰਬਾਲਵੀ ਨੇ ਇਨਸਾਨ ਵਿੱਚੋਂ ਲੁਪਤ ਹੋ ਚੁੱਕੀ ਇਨਸਾਨੀਅਤ ਦਾ ਜ਼ਿਕਰ ਬਿਆਨ ਕਰਦੇ ਹੋਏ ਕਿਹਾ-

ਜਿਹਨੂੰ ਮੈਂ ਲੱਭਦੀ ਫ਼ਿਰਦੀ ਹਾਂ,ਭਲਾ ਉਹ ਜਹਾਨ ਹੁਣ ਕਿੱਥੇ?
ਰਹੀ ਨਾ ਧਰਤੀ ਵੀ ਸੁਹਣੀ, ਖਰਾ ਆਸਮਾਨ ਏ ਹੁਣ ਕਿੱਥੇ??

ਇਹਨਾਂ ਤੋਂ ਇਲਾਵਾ ਮਲਕੀਤ ਕੌਰ ਬਸਰਾ, ਪਰਮਜੀਤ ਕੌਰ ਪਰਮ, ਡਿੰਪਲ ਗਰਗ ਦਿੜ੍ਹਬਾ, ਪ੍ਰਮਜੀਤ ਹਿਸਾਰ ਆਦਿ ਨੇ ਵੀ ਆਪਣੀਆਂ ਰਚਨਾਵਾਂ ਸੁਣਾ ਕੇ ਲੋਕਾਂ ਨੂੰ ਸਾਰਸ਼ਾਰ ਕੀਤਾ।

ਮੁੱਖ ਮਹਿਮਾਨ ਸ੍ਰ. ਸੁਖਚੈਨ ਸਿੰਘ ਭੰਡਾਰੀ ਨੇ ਅਕਾਦਮੀ ਦੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਹਰ ਸਾਲ ਹਰਿਆਣਾ ਦੇ  ਇੱਕ ਪੰਜਾਬੀ ਪੱਤਰਕਾਰ ਨੂੰ 51 ਹਜ਼ਾਰ ਰੁਪਏ ਦੇ ਸ਼ੋਮਣੀ ਪੰਜਾਬੀ ਪੱਤਰਕਾਰਤਾ ਪੁਰਸਕਾਰ ਨਾਲ ਨਿਵਾਜੇਗੀ। ਓਹਨਾਂ ਹੋਰ ਕਿਹਾ ਕਿ ਹਰਿਆਣਾ ਸਰਕਾਰ ਨੇ ਇਹਨੀਂ ਦਿਨੀਂ ਸ਼ੋਮਣੀ ਪੰਜਾਬੀ ਪੁਰਸਕਾਰ ਦੇਣ ਦਾ ਫੈਸਲਾ ਹਰਿਆਣਾ ਪੰਜਾਬੀ ਅਕਾਦਮੀ ਦੀ ਮੰਗ ਉ¤ਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਦੇ ਸ਼ੁਰੂ ਹੋਣ ਨਾਲ ਹਰਿਆਣਾ ਵਿਚ ਪੰਜਾਬੀ ਪੱਤਰਕਾਰਤਾ ਦਾ ਮਿਆਰ ਹੋਰ ਸੁਧਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਹਰਿਆਣਾਂ ਵਿਚ ਪੰਜਾਬੀ ਭਾਸ਼ਾ ਦੀ ਪੜਾਈ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਛੇਤੀ ਹੀ ਹਰਿਆਣਾ ਸਰਕਾਰ ਹਰਿਆਣਾਂ ਵਿਚ 500 ਦੇ ਲੱਗਭਗ ਪੰਜਾਬੀ ਟੀਚਰ ਸਰਕਾਰੀ ਸਕੂਲਾਂ ਵਿਚ ਰੱਖ ਰਹੀ ਹੈ।  ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਦੇ ਦਫਤਰਾਂ ਵਿਚ ਪੰਜਾਬੀ ਭਾਸ਼ਾ ਵਿਚ ਲਿਖਿਆ ਹੋਈਆ ਪੱਟੀਆਂ ਲਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਕਵੀ ਸੰਮੇਲਨ ਦਾ ਸੰਚਾਲਨ ਕਵਿੱਤਰੀ ਤੇ ਲੇਖਿਕਾ ਗੁਰਪ੍ਰੀਤ ਕੌਰ ਸੈਣੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਪਿੰ੍ਰਸੀਪਲ ਕਰਤਾਰ ਸਿੰਘ ਕੌਸ਼ਿਕ, ਪੰਜਾਬੀ ਮਹਾਂਪੰਚਾਇਤ ਦੇ ਆਗੂ ਰਵਿੰਦਰ ਸਿੰਘ ਸ਼ੰਟੀ,  ਸਾਹਿਤਕਾਰ ਰਾਮ ਨਿਵਾਸ ਮਾਨਵ, ਸਰਦਾਰ ਪ੍ਰਰਗਟ ਸਿੰਘ, ਸਾਹਿਤਕਾਰ ਡਾ.ਚੰਦਰ ਸ਼ੇਖਰ, ਸ਼ਾਮ ਲਾਲ ਸ਼ਰਮਾ ਸਹਿਤ ਨਗਰ ਦੇ ਹੋਰ  ਪੱਤਵੰਤੇ ਸੱਜਣ ਹਾਜ਼ਰ ਸਨ।

Comments are closed.