Daily Aashiana
Punjabi Newspaper Online

1 ਗਜ਼ਟਿਡ 7 ਨਾਨ-ਗਜ਼ਟਿਡ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਮਾਮਲਿਆਂ ’ਚ ਸਜ਼ਾਵਾਂ

167

ਚੰਡੀਗੜ੍ਹ, 31 ਮਈ – ਪੰਜਾਬ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪਿਛਲੇ ਮਹੀਨੇ ਅਪ੍ਰੈਲ ਦੌਰਾਨ ਡੀ.ਐਸ.ਪੀ ਬਟਾਲਾ ਵਰਿੰਦਰਪ੍ਰੀਤ ਸਿੰਘ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਜਦਕਿ ਇਸੇ ਮਹੀਨੇ ਦੌਰਾਨ ਇੱਕ ਗਜ਼ਟਿਡ ਅਤੇ ਸੱਤ ਨਾਨ-ਗਜ਼ਟਿਡ ਅਧਿਕਾਰੀਆਂ ਨੂੰ ਰਿਸ਼ਵਤਖੋਰੀ ਦੇ ਵੱਖ-ਵੱਖ ਕੇਸਾਂ ਵਿੱਚ ਵਿਸ਼ੇਸ਼ ਅਦਾਲਤਾਂ ਰਾਹੀਂ ਸਜ਼ਾਵਾਂ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਬਿਉਰੋ ਵੱਲੋਂ ਰਾਜ ਦੇ ਹਰੇਕ ਖੇਤਰ ਅਤੇ ਸਰਕਾਰੀ ਦਫਤਰਾਂ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇਸ ਦਿਸ਼ਾ ਵਿੱਚ ਵਿਜੀਲੈਂਸ ਅਧਿਕਾਰੀਆਂ ਨੇ ਪਿਛਲੇ ਮਹੀਨੇ ਵੱਖ-ਵੱਖ ਤਰ੍ਹਾਂ ਦੇ ਦੋ-ਫੌਜ਼ਦਾਰੀ ਤੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਇੱਕ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਕੋਈ ਵੀ ਦੋਸ਼ੀ ਅਦਾਲਤੀ ਸਜ਼ਾ ਤੋਂ ਬਚ ਕੇ ਨਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ ਮੁੱਦਈ ਔਰਤ ਮਨਪ੍ਰੀਤ ਕੌਰ ਵੱਲੋਂ ਆਪਣੇ ਸਹੁਰੇ ਖਿਲਾਫ ਦਿੱਤੀ ਸ਼ਿਕਾਇਤ ’ਤੇ ਪਰਚਾ ਦਰਜ ਕਰਨ ਬਦਲੇ ਡੀ.ਐਸ.ਪੀ ਬਟਾਲਾ ਵਰਿੰਦਰਪ੍ਰੀਤ ਸਿੰਘ ਨੂੰ ਮੁੱਦਈ ਕੋਲੋਂ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਹੋਰ ਵੇਰਵੇ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਅਦਾਲਤਾਂ ਵੱਲੋਂ ਅਪ੍ਰੈਲ ਮਹੀਨੇ ਵਿੱਚ ਇੱਕ ਗਜ਼ਟਿਡ ਅਤੇ ਸੱਤ ਨਾਨ-ਗਜ਼ਟਿਡ ਕਰਮਚਾਰੀਆਂ ਵੱਖ-ਵੱਖ ਵਿਜੀਲੈਂਸ ਕੇਸਾਂ ਵਿੱਚ ਦੋਸ਼ੀ ਪਾਇਆ ਗਿਆ ਅਤੇ ਦੋ ਤੋਂ ਚਾਰ ਸਾਲ ਤੱਕ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਤੇ ਜ਼ੁਰਮਾਨੇ ਵੀ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਇੰਦਰਜੀਤ ਸਿੰਘ ਈ.ਟੀ.ਓ ਜੈਤੋ ਨੂੰ ਵਧੀਕ ਜ਼ਿਲ੍ਹਾ ਤੇ ਸ਼ੈਸਨਜ਼ ਜੱਜ ਫਰੀਦਕੋਟ ਨੇ ਚਾਰ ਸਾਲ ਦੀ ਕੈਦ ਅਤੇ 25,000 ਰੁਪਏ ਜ਼ੁਰਮਾਨਾ ਤੇ ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਛੇ ਮਹੀਨੇ ਦੀ ਹੋਰ ਸਜ਼ਾ ਭੁਗਤਣ ਦਾ ਹੁਕਮ ਸੁਣਾਇਆ ਹੈ। ਵਿਸ਼ੇਸ਼ ਜੱਜ ਮਾਨਸਾ ਨੇ ਸੁਖਵਿੰਦਰ ਸਿੰਘ ਕਾਨੂੰਗੋ ਬੋਹਾ ਅਤੇ ਨਰੇਸ਼ ਕੁਮਾਰ ਪਟਵਾਰੀ ਦਲੇਲਵਾਲਾ (ਮਾਨਸਾ) ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਦੋ-ਦੋ ਸਾਲ ਦੀ ਕੈਦ ਅਤੇ 5,000-5,000 ਰੁਪਏ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਹੌਲਦਾਰ ਹਰਮੇਸ਼ ਸਿੰਘ ਦੁੱਗਰੀ ਚੌਕੀ ਲੁਧਿਆਣਾ ਨੂੰ ਵਧੀਕ ਜ਼ਿਲਾ ਤੇ ਸ਼ੈਸਨਜ਼ ਜੱਜ ਲੁਧਿਆਣਾ ਨੇ ਢਾਈ ਸਾਲ ਦੀ ਕੈਦ ਅਤੇ 5,000 ਰੁਪਏ ਜ਼ੁਰਮਾਨਾ ਕੀਤਾ ਹੈ। ਇਹ ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਦੋ ਮਹੀਨੇ ਦੀ ਹੋਰ ਸਜ਼ਾ ਭੁਗਤਣ ਦਾ ਹੁਕਮ ਸੁਣਾਇਆ ਹੈ।
ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਇੱਕ ਹੋਰ ਕੇਸ ਵਿੱਚ ਵਧੀਕ ਜ਼ਿਲ੍ਹਾ ਤੇ ਸ਼ੈਸਨਜ਼ ਜੱਜ ਫ਼ਿਰੋਜ਼ਪੁਰ ਨੇ ਦਰਸ਼ਨ ਸਿੰਘ ਹਾਂਡਾ ਅਤੇ ਅਵਿਨਾਸ਼ ਕੁਮਾਰ ਕਲਰਕ ਇੰਡਸਟਰੀ ਸੈਂਟਰ ਫ਼ਿਰੋਜ਼ਪੁਰ ਨੂੰ ਦੋ-ਦੋ ਸਾਲ ਦੀ ਕੈਦ ਅਤੇ 2,500-2,500 ਰੁਪਏ ਜ਼ੁਰਮਾਨਾ ਤੇ ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਤਿੰਨ-ਤਿੰਨ ਮਹੀਨੇ ਦੀ ਹੋਰ ਸਜ਼ਾ ਭੁਗਤਣ ਦਾ ਆਦੇਸ਼ ਸੁਣਾਇਆ ਹੈ। ਪਠਾਨਕੋਟ ਵਿਖੇ ਤਾਇਨਾਤ ਪਾਵਰਕਾਮ ਦੇ ਜੇ.ਈ ਧਰਮਪਾਲ ਨੂੰ ਵਧੀਕ ਜ਼ਿਲ•ਾ ਤੇ ਸ਼ੈਸਨਜ਼ ਜੱਜ ਗੁਰਦਾਸਪੁਰ ਨੇ ਡੇਢ ਸਾਲ ਦੀ ਕੈਦ ਅਤੇ 5,000 ਰੁਪਏ ਜ਼ੁਰਮਾਨਾ ਕੀਤਾ ਹੈ। ਜੰਗਲਾਤ ਵਿਭਾਗ ਖੰਨਾ ਵਿਖੇ ਤਾਇਨਾਤ ਸਰਬਜੀਤ ਸਿੰਘ ਨੂੰ ਵਧੀਕ ਜ਼ਿਲ•ਾ ਤੇ ਸ਼ੈਸਨਜ਼ ਜੱਜ ਲੁਧਿਆਣਾ ਨੇ ਦੋ ਸਾਲ ਦੀ ਕੈਦ ਅਤੇ 5,000 ਰੁਪਏ ਜ਼ੁਰਮਾਨਾ ਤੇ ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਦੋ ਮਹੀਨੇ ਦੀ ਹੋਰ ਸਜ਼ਾ ਭੁਗਤਣ ਦਾ ਹੁਕਮ ਸੁਣਾਇਆ ਹੈ।

Loading...

Comments are closed.