Daily Aashiana
Punjabi Newspaper Online

ਹਰਿਆਣਾ ਸੈਰ-ਸਪਾਟਾ (ਟੂਰਿਜਮ) ਕਾਰਪੋਰੇਸ਼ਨ ਦੇ ‘‘ਹੁਨਰ ਤੋਂ ਰੁਜ਼ਗਾਰ’’ ਪ੍ਰੋਗ੍ਰਾਮ ਨੂੰ ਕੇਂਦਰ ਸਰਕਾਰ ਪੂਰੇ ਦੇਸ਼ ਵਿਚ ਰੋਲ ਮਾਡਲ ਵੱਜੋਂ ਚਲਾਏਗੀ

7

ਚੰਡੀਗੜ੍ਹ, 25 ਜੂਨ – ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਆਨੰਦ ਮੋਹਨ ਸ਼ਰਣ ਨੇ ਕਿਹਾ ਹੈ ਕਿ ਹਰਿਆਣਾ ਸੈਰ-ਸਪਾਟਾ (ਟੂਰਿਜਮ) ਕਾਰਪੋਰੇਸ਼ਨ ਦੇ ‘‘ਹੁਨਰ ਤੋਂ ਰੁਜ਼ਗਾਰ’’ ਪ੍ਰੋਗ੍ਰਾਮ ਨੂੰ ਕੇਂਦਰ ਸਰਕਾਰ ਪੂਰੇ ਦੇਸ਼ ਵਿਚ ਰੋਲ ਮਾਡਲ ਵੱਜੋਂ ਚਲਾਉਣ ਜਾ ਰਹੀ ਹੈ । ਭਾਰਤ ਵਿਚ ਪਹਿਲੀ ਵਾਰ ਕਿਸੇ ਸਰਕਾਰ ਨੇ ਗੂੰਗੇ ਬਹਿਰੇ ਬੱਚਿਆਂ ਨੂੰ ਮੁਫਤ ’ਚ ਹੋਟਲ ਮੈਨੇਜਮੈਂਟ ਦੀ ਸਿੱਖਲਾਈ ਦੇ ਕੇ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਦਾ ਕੰਮ ਕੀਤਾ ਹੈ । ਸਰਕਾਰ ਦੀ ਇਸ ਯੋਜਨਾ ਦੇ ਤਹਿਤ ਇੰਸੀਟਿਚਿਊਟ ਆਫ ਹੋਟਲ ਮੈਨੇਜਮੈਂਟ, ਕੁਰੂਕਸ਼ੇਤਰ ਵਿਚ ਸਿੱਖਲਾਈ ਲੈਣ ਵਾਲੇ 53 ਗੂੰਗੇ ਬਹਿਰੇ ਬੱਚਿਆਂ ਵਿਚੋਂ 25 ਬੱਚਿਆਂ ਨੂੰ ਸਿੱਖਲਾਈ ਪੂਰੀ ਹੋਣ ਤੋਂ ਪਹਿਲਾਂ ਰੁਜ਼ਗਾਰ ਉਪਲੱਬਧ ਕਰਵਾਇਆ ਗਿਆ ਹੈ । ਇਹ ਬੱਚੇ ਹੁਣ ਆਪਣੇ ਮਾਂ-ਪਿਓ ’ਤੇ ਬੋਝ ਨਾ ਬਣ ਕੇ ਮੁਬੰਈ ਅਤੇ ਹਰਿਆਣਾ ਦੇ ਦੂਜੇ ਸ਼ਹਿਰਾਂ ਵਿਚ ਚੰਗੇ ਹੋਟਲਾਂ ਵਿਚ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਸਾਹਰਾ ਬਣਨਗੇ ।
ਸ੍ਰੀ ਸ਼ਰਣ ਅੱਜ ਕੁਰੂਕਸ਼ੇਤਰ ਵਿਚ ਸਥਿਤ ਇੰਸੀਟਿਚਿਊਟ ਆਫ ਹੋਟਲ ਮੈਨੇਜਮੈਂਟ ਵਿਚ 14 ਮਈ ਤੋਂ 25 ਜੂਨ, 2012 ਤਕ ਚਲਿਆ ਹੁਨਰ ਤੋਂ ਰੁਜ਼ਗਾਰ ਪ੍ਰੋਗ੍ਰਾਮ ਦੇ ਸਮਾਪਤੀ ਸਮਾਰੋਹ ਵਿਚ ਬੋਲ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੈਰ-ਸਪਾਟਾ ਕਾਰਪੋਰੇਸ਼ਨ ਨੇ ਗੂੰਗੇ ਬਹਿਰੇ ਬੱਚਿਆਂ ਨੂੰ ਹੋਟਲ ਮੈਨੇਜਮੈਂਟ ਦੀ ਸਿੱਖਲਾਈ ਦੇ ਕੇ ਪੂਰੇ ਦੇਸ਼ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ । ਇਸ ਪ੍ਰੋਗ੍ਰਾਮ ਨੇ ਪੂਰੇ ਦੇਸ਼ ਦੇ ਗੂੰਗੇ ਬਹਿਰੇ ਬੱਚਿਆਂ ਨੂੰ ਇਕ ਨਵਾਂ ਮਾਰਗ ਵਿਖਾਉਣ ਦਾ ਕੰਮ ਕੀਤਾ ਹੈ । ਇਸ ਸਿੱਖਲਾਈ ਕੈਂਪ ਵਿਚ ਰਾਜ ਭਰ ਤੋਂ ਆਏ ਬੱਚਿਆਂ ਦੇ ਚਿਹੇਰਿਆਂ ਦੀ ਰੌਣਕ ਵੇਖ ਕੇ ਨਾ ਸਿਰਫ ਆਤਮ ਸੰਤੁਸ਼ਟੀ ਹੋ ਰਹੀ ਹੈ, ਸਗੋਂ ਮਾਣ ਤੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ । ਭਵਿੱਖ ਵਿਚ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਕੋਰਸਾਂ ਨੂੰ ਚਲਾਇਆ ਜਾਵੇਗਾ ਤਾਂ ਕਿ ਰਾਜ ਭਰ ਦੇ ਸਾਰੇ ਗੂੰਗੇ ਬਹਿਰੇ ਬੱਚਿਆਂ ਨੂੰ ਚੰਗੇ ਤੋਂ ਚੰਗੇ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਏ ਜਾ ਸਕਣ । ਉਨ੍ਹਾਂ ਨੇ ਕਿਹਾ ਕਿ ਇਸ ਹੁਨਰ ਤੋਂ ਰੁਜ਼ਗਾਰ ਪ੍ਰੋਗ੍ਰਾਮ ਦੇ ਤਹਿਤ 53 ਬੱਚਿਆਂ ਸਮੇਤ ਹੁਣ ਤਕ ਪੂਰੇ ਰਾਜ ਵਿਚੋਂ 433 ਬੱਚਿਆਂ ਨੂੰ ਸਿੱਖਲਾਈ ਦਿੱਤੀ ਜਾ ਚੁੱਕੀ ਹੈ ।
ਆਨੰਦ ਮੋਹਨ ਸ਼ਰਣ ਨੇ ਕਿਹਾ ਕਿ ਗੂੰਗੇ ਬਹਿਰੇ ਬੱਚਿਆਂ ਨੂੰ ਸਿੱਖਲਾਈ ਦੇਣ ਦੀ ਗੱਲ ਉਸ ਵਕਤ ਸਾਹਮਣੇ ਆਈ ਜਦੋਂ ਲੈਂਡ ਮਾਰਕ ਹੋਟਲ ਵਿਚ ਇਕ ਅਜਿਹੇ ਬੱਚੇ ਨੂੰ ਕੰਮ ਕਰਦੇ ਹੋਏ ਵੇਖਿਆ ਗਿਆ । ਇਸ ਬੱਚੇ ਤੋਂ ਪ੍ਰੇਰਣਾ ਲੈ ਕੇ ਹੀ ਰਾਜ ਭਰ ਵਿਚ ਇਸ ਤਰ੍ਹਾਂ ਦੀ ਸਿੱਖਲਾਈ ਦੇਣ ਦਾ ਵਿਚਾਰ ਮਨ ਵਿਚ ਆਇਆ । ਇਸ ਕੈਂਪ ਵਿਚ ਪੁੱਜ ਕੇ 22 ਸਾਲ ਦੀ ਨੌਕਰੀ ਵਿਚ ਅੱਜ ਸੱਭ ਤੋਂ ਵੱਧ ਖੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ । ਉਨ੍ਹਾਂ ਨੇ ਕਿਹਾ ਕਿ 6 ਮਹੀਨੇ ਪਹਿਲਾਂ ਫਰੀਦਾਬਾਦ ਹੋਟਲ ਮੈਨੇਜਮੈਂਟ ਵਿਚ 18 ਬੱਚਿਆਂ ਨੂੰ ਲੈ ਕੇ ਇਸ ਰਵਾਇਤ ਨੂੰ ਸ਼ੁਰੂ ਕੀਤਾ ਗਿਆ ਸੀ । ਇਸ ਦੂਜੇ ਸਿੱਖਲਾਈ ਕੈਂਪ ਵਿਚ 18 ਤੋਂ 53 ਬੱਚਿਆਂ ਦੀ ਗਿਣਤੀ ਵੇਖ ਕੇ ਅਹਿਸਾਸ ਹੋਣ ਲੱਗ ਪਿਆ ਹੈ ਕਿ ਹੁਣ ਇਹ ਕਾਰਵਾ ਆਪਣੀ ਮੰਜ਼ਿਲ ਤਕ ਜ਼ਰੂਰ ਪੁੱਜੇਗਾ । ਉਨ੍ਹਾਂ ਨੇ ਹੋਟਲ ਮੈਨੇਜਮੈਂਟ ਸੰਸਥਾਨ ਦੇ ਪ੍ਰਿੰਸੀਪਲ ਰਾਜੀਵ ਮੈਹਰੋਤਰਾ, ਪਲਵੀ ਗਰੁੱਪ ਦੇ ਸੀਈਓ ਹਿਮਾਂਸ਼ੂ ਅਗਰਵਾਲ ਅਤੇ ਈਪੀ ਰੈਜੀਡੈਂਸੀ ਦੇ ਐਮ.ਡੀ. ਪਵਨ ਅਗਰਵਾਲ ਅਤੇ ਸਾਰਥਕ ਸੰਸਥਾ ਦੀ ਪ੍ਰਧਾਨਾ ਰਸ਼ਿਮ ਕਟਾਰਿਆ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ  ਕਿਹਾ ਕਿ ਸਿੱਖਲਾਈ ਦੇਣ ਤੋਂ ਬਾਅਦ ਹੁਣ ਇੰਨ੍ਹਾ ਬੱਚਿਆਂ ਨੂੰ ਅੱਗੇ ਵੱਧਣਾ ਚਾਹੀਦਾ ਹੈ । ਬੱਚਿਆਂ ਨੂੰ ਜੋ ਨਵਾਂ ਮਾਰਗ ਵਿਖਾਇਆ ਗਿਆ ਹੈ ਉਸ ਨਾਲ ਇਨ੍ਹਾਂ ਬੱਚਿਆਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਹੋਈ ਹੈ । ਇਹ ਬੱਚੇ ਪੂਰੇ ਹਿੰਦੋਸਤਾਨ ਵਿਚ ਆਪਣੇ ਪਰਿਵਾਰ ਅਤੇ ਰਾਜ ਦਾ ਨਾਂਅ ਰੋਸ਼ਨ ਕਰਨਗੇ । ਉਨ੍ਹਾਂ ਨੇ ਬੱਚਿਆਂ ਦੇ ਮਾਂ-ਪਿਓ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਵੇਂ ਦੌਰ ਵਿਚ ਇੰਨ੍ਹਾਂ ਬੱਚਿਆਂ ਨੂੰ ਮੁਕਾਬਲਿਆਂ ਵਿਚ ਲਿਆ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ । ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ।
ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਆਨੰਦ ਮੋਹਨ ਸ਼ਰਣ ਨੇ ਗੂੰਗੇ ਬਹਿਰੇ ਬੱਚਿਆਂ ਦੇ ਵਿਚ ਬੈਠ ਕੇ ਆਪਣੇ ਮਨ ਦੇ ਵਿਚਾਰਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਮਾਂ-ਪਿਓ ਨੂੰ ਭਰੋਸਾ ਦਿਵਾਇਆ ਕਿ ਸਾਰੇ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਵਿਚ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ । ਇਸ ਮੌਕੇ ’ਤੇ ਮੁਬੰਈ ਵਿਚ ਹੋਟਲ ਦੀ ਨੌਕਰੀ ਕਰ ਰਹੇ ਅਜਿਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬੱਚੇ ਹੁਣ ਆਪਣੇ ਪੈਰਾਂ ’ਤੇ ਖੜ੍ਹੇ ਹੋ ਚੁੱਕੇ ਹਨ । ਇਨ੍ਹਾਂ ਦੇ ਮਾਂ-ਪਿਓ ਨੇ ਉਤਸਾਹਿਤ ਹੋ ਕੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਸਦਕਾ ਉਨ੍ਹਾਂ ਦੇ ਬੱਚਿਆਂ ਨੂੰ ਨਵਾਂ ਜੀਵਨ ਮਿਲਿਆ ਹੈ । ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ ।

Loading...

Comments are closed.