Daily Aashiana
Punjabi Newspaper Online

ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਵੱਲੋਂ ਟਰੱਕ ਯੂਨੀਅਨ ‘ਚ ਜਾਗਰੂਕਤਾ ਪ੍ਰੋਗਰਾਮ

4

Photo-Traffic-Awareness-dt-2-1-13ਪਟਿਆਲਾ, 2 ਜਨਵਰੀ – ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਦੌਰਾਨ ਅੱਜ ਦੂਜੇ ਦਿਨ ਪਟਿਆਲਾ ਦੀ ਟਰੱਕ ਯੂਨੀਅਨ ਵਿਖੇ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਵੱਲੋਂ ਡਰਾਇਵਰਾਂ ਦੀਆਂ ਅੱਖਾਂ ਦੀ ਜਾਂਚ ਲਈ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਤੇਜਿੰਦਰ ਸਿੰਘ ਧਾਲੀਵਾਲ ਅਤੇ ਡੀ.ਐਸ.ਪੀ. ਟ੍ਰੈਫਿਕ ਸ. ਨਾਹਰ ਸਿੰਘ ਵੱਲੋਂ ਥ੍ਰੀਵੀਲ੍ਹਰਾਂ ਅਤੇ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਵੀ ਅਰੰਭ ਕੀਤੀ ਗਈ।

ਟਰੱਕ ਯੂਨੀਅਨ ਵਿਖੇ ਡਰਾਇਵਰਾਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਕਰਵਾਏ ਗਏ ਪ੍ਰੋਗਰਾਮ ਮੌਕੇ ਡੀ.ਟੀ.ਓ. ਸ. ਧਾਲੀਵਾਲ ਨੇ ਡਰਾਇਵਰਾਂ ਅਤੇ ਇਸ ਕਿੱਤੇ ਨਾਲ ਜੁੜੇ ਹੋਰਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਡਰਾਇਵਰੀ ਦੌਰਾਨ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਉਥੇ ਹੀ ਉਨ੍ਹਾਂ ਨੂੰ ਸੜਕ ‘ਤੇ ਸੁਰੱਖਿਅਤ ਆਵਾਜਾਈ ਲਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾਂ ਯਕੀਨੀ ਬਣਾਉਣ ਬਾਰੇ ਆਖਿਆ। ਉਨ੍ਹਾਂ ਕਿਹਾ ਕਿ ਸੜਕੀ ਹਾਦਸੇ ਰੋਕਣ ਲਈ ਸਾਨੂੰ ਸਭ ਨੂੰ ਆਵਾਜਾਈ ਨਿਯਮਾ ਦਾ ਪਾਲਣ ਕਰਨ ਲਈ ਪਾਬੰਦ ਹੋਣਾ ਪਵੇਗਾ।

ਸ. ਧਾਲੀਵਾਲ ਨੇ ਕਿਹਾ ਕਿ ਜੇਕਰ ਟਰੱਕ ਡਰਾਇਵਰ ਸੜਕਾਂ ‘ਤੇ ਟਰੱਕ, ਟਰਾਲੇ ਆਦਿ ਚਲਾਉਣ ਸਮੇਂ ਸਾਵਧਾਨੀ ਵਰਤਣ ਤਾਂ ਹਾਦਸਿਆਂ ‘ਚ ਕਾਫੀ ਕਮੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਵਪਾਰਕ ਗੱਡੀਆਂ ਚਲਾਉਣ ਵਾਲੇ ਡਰਾਇਵਰਾਂ ਨੂੰ ਆਪਣੀਆਂ ਅੱਖਾਂ, ਕੰਨਾਂ ਅਤੇ ਸਰੀਰ ਦੀ ਮੈਡੀਕਲ ਜਾਂਚ ਨਿਯਮਤ ਤੌਰ ‘ਤੇ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੜਕ ‘ਤੇ ਚਲਦਿਆਂ ਆਵਾਜਾਈ ਨੇਮਾ ਦੇ ਪਾਲਣ ਲਈ ਸਵੈ ਜਾਬਤੇ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ।

ਇਸ ਮੌਕੇ ਡੀ.ਐਸ.ਪੀ. ਟ੍ਰੈਫਿਕ ਸ. ਨਾਹਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਰੱਕਾਂ ਦੇ ਡਰਾਇਵਰਾਂ ਨੂੰ ਆਪਣੀਆਂ ਗੱਡੀਆਂ ਦੇ ਨਾਲ ਸਬੰਧਤ ਕਾਗਜਾਤ ਆਦਿ ਪੂਰੇ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਡਰਾਇਵਰਾਂ ਨੂੰ ਸੜਕ ਸੰਕੇਤ ਚਿੰਨਾਂ ਦੀ ਪੂਰੀ ਜਾਣਕਾਰੀ ਅਤੇ ਆਵਾਜਾਈ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸ ਜਗ੍ਹਾ ‘ਤੇ ਗੱਡੀ ਪਾਰਕ ਕਰਨੀ ਹੈ ਅਤੇ ਗੱਡੀ ‘ਤੇ ਕਿੰਨ੍ਹਾਂ ਨਿਰਧਾਰਤ ਲੋਡ ਪਾਇਆ ਜਾ ਸਕਦਾ ਹੈ, ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਡਰਾਇਵਰ ਉਨੀਂਦਰੇ ‘ਚ ਗੱਡੀ ਨਾਲ ਚਲਾਵੇ। ਉਨ੍ਹਾਂ ਕਿਹਾ ਕਿ ਗੱਡੀਆਂ ਦੀਆਂ ਬਰੇਕਾਂ, ਅੱਗਲੀਆਂ ਪਿਛਲੀਆਂ ਲਾਈਟਾਂ ਅਤੇ ਇਸ਼ਾਰਿਆਂ ਦੀ ਵੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ।

ਇਸ ਮੌਕੇ ਟ੍ਰੈਫਿਕ ਪੁਲਿਸ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ. ਹਰਦੀਪ  ਸਿੰਘ ਬਡੂੰਗਰ ਨੇ ਸੰਬੋਧਨ ਕਰਦਿਆਂ ਸੜਕਾਂ ‘ਤੇ ਸੁਰੱਖਿਅਤ ਆਵਾਜਾਈ ਯਕੀਨੀ ਬਨਾਉਣ ਲਈ ਡਰਾਇਵਰਾਂ ਨੂੰ ਸੱਦਾ ਦਿੱਤਾ ਕਿ ਉਹ ਸੜਕਾਂ ‘ਤੇ ਆਮ ਲੋਕਾਂ ਅਤੇ ਆਪਣੀ ਜਿੰਦਗੀ ਦੀ ਸੁਰੱਖਿਆ ਲਈ ਸੰਜਮ ਅਤੇ ਜਾਬਤੇ ‘ਚ ਰਹਿ ਕੇ ਹੀ ਗੱਡੀਆਂ ਚਲਾਉਣ।

ਇਸ ਮੌਕੇ ਸਮਾਜ ਸੇਵੀ ਸ਼੍ਰੀ ਕਾਕਾ ਰਾਮ ਵਰਮਾ, ਸ਼੍ਰੀ ਜਤਵਿੰਦਰ ਗਰੇਵਾਲ, ਏ.ਡੀ.ਟੀ.ਓ. ਸ. ਤਰਲੋਚਨ ਸਿੰਘ, ਐਸ.ਆਈ ਸ਼੍ਰੀਮਤੀ ਪੁਸ਼ਪਾ ਦੇਵੀ ਅਤੇ ਹੋਰਨਾਂ ਨੇ ਵੀ ਸੰਬੋਧਨ ਕਰਦਿਆਂ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਰਾਇਵਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਨੀਟਾ ਨੇ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਡੀ.ਟੀ.ਓ. ਅਤੇ ਡੀ.ਐਸ.ਪੀ. ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਡਰਾਇਵਰਾਂ ਵੱਲੋਂ ਇਸ ਸਬੰਧੀ ਪੂਰਨ ਸਹਿਯੋਗ ਦਿੱਤਾ ਜਾਵੇਗਾ।

Comments are closed.