Daily Aashiana
Punjabi Newspaper Online

‘ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਆਪਣੀ ਤੇ ਦੂਜਿਆਂ ਦੀ ਜਿੰਦਗੀ ਖਤਰੇ ‘ਚ ਨਾ ਪਾਓ’

6

road-safetyਪਟਿਆਲਾ, 3 ਜਨਵਰੀ – ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਦੇ ਤੀਜੇ ਦਿਨ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ ਵਿਖੇ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਇਨ੍ਹਾਂ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਤੇਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਸਕੂਲੀ ਵਿਦਿਆਰਥੀ ਸ਼ੁਰੂ ਤੋਂ ਹੀ ਆਵਾਜਾਈ ਦੇ ਨਿਯਮਾਂ ਤੋਂ ਜਾਣੂ ਹੋਕੇ ਇਨ੍ਹਾਂ ਨਿਯਮਾਂ ਨੂੰ ਆਪਣੇ ਜੀਵਨ ਦਾ ਅਨਿਖੜਵਾਂ ਅੰਗ ਬਣਾ ਲੈਣ ਤਾਂ ਸੜਕੀ ਹਾਦਸਿਆਂ ‘ਤੇ ਰੋਕ ਲਗਾਈ ਜਾਣੀ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਵਿਦਿਆਰਥੀ ਜਿੱਥੇ ਆਵਾਜਾਈ ਦੇ ਨਿਯਮਾਂ ਤੋਂ ਜਾਣੂ ਹੋਕੇ ਅੱਗੇ ਆਪਣੇ ਮਾਪਿਆਂ ਤੇ ਆਂਢੀ ਗੁਆਢੀਆਂ ਨੂੰ ਇਨ੍ਹਾਂ ਤੋਂ ਜਾਣੂ ਕਰਵਾਉਣਗੇ, ਉੱਥੇ ਹੀ ਉਹ ਇਸ ਸਬੰਧੀ ਆਮ ਲੋਕਾਂ ਤੇ ਦੂਜਿਆਂ ਲਈ ਵੀ ਚਾਨਣ ਮੁਨਾਰਾ ਬਨਣਗੇ।
ਸ. ਧਾਲੀਵਾਲ ਨੇ ਇਨ੍ਹਾਂ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਸ ਗੱਲੋਂ ਸ਼ਲਾਘਾ ਦੇ ਪਾਤਰ ਹਨ ਕਿ ਉਨ੍ਹਾਂ ਨੇ ਆਪਣੀ ਕਲਾ ਟ੍ਰੈਫਿਕ ਨਿਯਮਾਂ ਦੇ ਪ੍ਰਸਾਰ ਲਈ ਵਰਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਸੱਦਾ ਦਿੱਤਾ ਕਿ ਉਹ ਭਵਿਖ ‘ਚ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕਰਨ। ਇਸ ਮੌਕੇ ਡੀ.ਐਸ.ਪੀ. ਟ੍ਰੈਫਿਕ ਸ. ਨਾਹਰ ਸਿੰਘ ਨੇ ਵਿਦਿਆਰਥੀਆਂ ਨੂੰ ਸੜਕ ‘ਤੇ ਚਲਣ ਸਮੇਂ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਜਰੂਰੀ ਹੁੰਦੀਆਂ ਹਨ, ਬਾਰੇ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੁਣੇ ਤੋਂ ਹੀ ਆਵਾਜਾਈ ਦੇ ਨਿਯਮਾਂ ਨੂੰ ਆਪਣੀ ਜੀਵਨ ਸ਼ੈਲੀ ‘ਚ ਢਾਲ ਲੈਣ ਤਾਂ ਕਿ ਉਨ੍ਹਾਂ ਨੂੰ ਭਵਿਖ ‘ਚ ਇਸ ਸਬੰਧੀ ਸੌਖ ਰਹੇ।
‘ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਦੂਸਰਿਆਂ ਦੀ ਜਿੰਦਗੀ ਅਜਾਂਈ ਨਾ ਗਵਾਓ’, ‘ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਆਪਣੀ ਅਤੇ ਦੂਸਰਿਆਂ ਦੀ ਜਿੰਦਗੀ ਖ਼ਤਰੇ ‘ਚ ਨਾ ਪਾਓ’ ਅਤੇ ‘ਸੜਕ ਹਾਦਸਿਆਂ ਵਿੱਚ ਕਮੀ ਲਿਆਓ, ਅਨਮੋਲ ਜੀਵਨ ਬਚਾਓ’ ਦੇ ਨਾਅਰਿਆਂ ਨੂੰ ਲਿਖਣ ਅਤੇ ਇਸ ਸਬੰਧੀ ਹੀ ਪੇਂਟਿੰਗ ਕਰਨ ਦੇ ਮੁਕਾਬਲਿਆਂ ‘ਚ ਪਟਿਆਲਾ ਦੇ 11 ਸਕੂਲਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ 6ਵੀਂ ਤੋਂ ਅੱਠਵੀਂ ਤੱਕ ਦੇ ਗਰੁਪ ‘ਚ ਨਾਅਰੇ ਲਿਖਣ ਦੇ ਮੁਕਾਬਲਿਆਂ ‘ਚ ਸਰਕਾਰੀ ਮਲਟੀਪਰਪਜ ਸਕੂਲ ਦੀ ਸਰਬਜੀਤ ਕੌਰ ਨੇ ਪਹਿਲੀ ਥਾਂ ਮੱਲੀ ਜਦੋਂ ਕਿ ਸਿਵਲ ਲਾਈਨਜ ਸਕੂਲ ਦੀ ਦੀਕਸ਼ਾ ਸ਼ਰਮਾ ਨੇ ਦੂਜੀ ਤੇ ਇਸੇ ਸਕੂਲ ਦੀ ਹੀ ਨਿਸ਼ਾ ਨੇ ਤੀਜੀ ਥਾਂ ਹਾਸਲ ਕੀਤੀ।
ਜਦੋਂ ਕਿ ਪੇਂਟਿੰਗ ਦੌਰਾਨ ਸਿਵਲ ਲਾਈਨਜ ਸਕੂਲ ਦੀ ਅਕਾਂਕਸਾ ਨੇ ਪਹਿਲੀ, ਗਰੀਨਵੈਲ ਸਕੂਲ ਦੀ ਵਰਸ਼ਾ ਨੇ ਦੂਜੀ ਤੇ ਇਸੇ ਸਕੂਲ ਦੀ ਹੀ ਮਨਪ੍ਰੀਤ ਕੌਰ ਨੇ ਤੀਜੀ ਥਾਂ ਹਾਸਲ ਕੀਤੀ। 9ਵੀਂ ਤੋਂ 12ਵੀਂ ਤੱਕ ਨਿਊ ਪਾਵਰ ਹਾਊਸ ਕਲੌਨੀ ਸਕੂਲ ਦੀ ਸਿਮਰਨਜੀਤ ਕੌਰ ਨੇ ਪਹਿਲੀ ਥਾਂ, ਸਿਵਲ ਲਾਈਨਜ ਸਕੂਲ ਦੇ ਅੰਮ੍ਰਿਤਪਾਲ ਸਿੰਘ ਨੇ ਦੂਜੀ ਅਤੇ ਗਾਂਧੀ ਨਗਰ ਸਕੂਲ ਦੇ ਬਲਜਿੰਦਰ ਸਿੰਘ ਨੇ ਤੀਜੀ ਥਾਂ ਹਾਸਲ ਕੀਤੀ। ਜਦੋਂ ਕਿ ਪੇਂਟਿੰਗ ‘ਚ ਸਿਵਲ ਲਾਈਨਜ ਸਕੂਲ ਦੀ ਜਸਪ੍ਰੀਤ ਕੌਰ ਨੇ ਪਹਿਲੀ, ਸਰਕਾਰੀ ਕੰਨਿਆ ਸਕੂਲ ਮਾਡਲ ਟਾਊਨ ਸਕੂਲ ਦੀ ਜਸਪ੍ਰੀਤ ਕੌਰ ਨੇ ਦੂਜੀ ਥਾਂ ਅਤੇ ਸਰਕਾਰੀ ਮਲਟੀਪਰਪਜ ਸਕੂਲ ਦੇ ਰਾਹੁਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਡੀ.ਟੀ.ਓ. ਸ. ਤੇਜਿੰਦਰ ਸਿੰਘ ਧਾਲੀਵਾਲ, ਡੀ.ਐਸ.ਪੀ. ਟ੍ਰੈਫਿਕ ਸ. ਨਾਹਰ ਸਿੰਘ ਅਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਸ. ਹਰਦੀਪ  ਸਿੰਘ ਬਡੂੰਗਰ ਵੱਲੋਂ ਸਨਮਾਨਤ ਕੀਤਾ ਗਿਆ।

Loading...

Comments are closed.