Daily Aashiana
Punjabi Newspaper Online

ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇਗੀ : ਬਾਦਲ

7
  • ਦੋ ਰੋਜ਼ਾ ਪ੍ਰਵਾਸੀ ਪੰਜਾਬੀ ਸੰਮੇਲਨ 2013 ਦਾ ਉਦਘਾਟਨ
  • ਪ੍ਰਵਾਸੀ ਪੰਜਾਬੀਆਂ ਨੂੰ ਛੇਤੀ ਇਨਸਾਫ਼ ਦੇਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ
  • ਗ਼ਦਰੀ ਨਾਇਕਾਂ ਦੇ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ
  • ਮਜੀਠੀਆ ਵਲੋਂ ਪੰਜਾਬ ਦੀ ਸਹੀ ਤਸਵੀਰ ਪੇਸ਼ ਕਰਨ ਲਈ ਪ੍ਰਵਾਸੀ ਪੰਜਾਬੀ ਮੀਡੀਆ ਦੀ ਸ਼ਲਾਘਾ
  • ਪ੍ਰਵਾਸੀ ਪੰਜਾਬੀ ਮੀਡੀਆ ਨੂੰ ਪੰਜਾਬ ਦੇ ਪੱਤਰਕਾਰਾਂ ਵਾਂਗ ਸਹੂਲਤਾਂ ਦੇਣ ਦਾ ਐਲਾਨ

badalਚੰਡੀਗੜ੍ਹ, 4 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਨੂੰ ਘੋਖਣ ਤੇ ਸੁਲਝਾਉਣ ਲਈ ਇੱਕ ਉਚ ਪੱਧਰੀ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਜਿਸ ਵਿੱਚ ਸੂਬੇ ਦੇ ਪੰਜ ਸੀਨੀਅਰ ਕੈਬਨਿਟ ਮੰਤਰੀ ਅਤੇ ਏਨੀ ਹੀ ਗਿਣਤੀ ਵਿੱਚ ਵਿਸ਼ਵ ਭਰ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਇਸ ਕਮੇਟੀ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਸਰਵਪੱਖੀ ਭਲਾਈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਖਵਾਲੀ ਨਾਲ ਸਬੰਧਤ ਵੱਖ ਵੱਖ ਪੱਧਰ ‘ਤੇ ਲਏ ਗਏ ਫ਼ੈਸਲਿਆਂ ਨੂੰ ਫੌਰੀ ਲਾਗੂ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ।
ਅੱਜ ਇੱਥੇ ਦੋ ਰੋਜ਼ਾ ਪ੍ਰਵਾਸੀ ਪੰਜਾਬੀ ਸੰਮੇਲਨ-2013 ਦੇ ਉਦਘਾਟਨ ਤੋਂ ਬਾਅਦ ਦੁਨੀਆਂ ਦੇ ਕੋਨੇ ਕੋਨੇ ਤੋਂ ਪਹੁੰਚੇ ਪ੍ਰਵਾਸੀ ਪੰਜਾਬੀ ਜੋ ਵੱਖ ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ, ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਨਿਰਧਾਰਤ ਸਮੇਂ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਮੁੜ ਦੁਹਰਾਇਆ ਕਿ ਅਕਾਲੀ-ਭਾਜਪਾ ਸਰਕਾਰ ਪ੍ਰਵਾਸੀ ਪੰਜਾਬੀਆਂ ਵਲੋਂ ਸਖਤ ਮੁਸ਼ੱਕਤ ਨਾਲ ਬਣਾਈ ਜਾਇਦਾਦ ਦੀ ਸੁਰੱਖਿਆ ਕਰਨ ਲਈ ਪੂਰਨ ਤੌਰ ‘ਤੇ ਵਚਨਬੱਧ ਹੈ ਤਾਂ ਕਿ ਉਹ ਵਿਦੇਸ਼ ਵਿੱਚ ਸ਼ਾਂਤਮਈ ਢੰਗ ਨਾਲ ਆਪਣੀ ਜ਼ਿੰਦਗੀ ਬਸਰ ਕਰਕੇ ਮਿਹਨਤ ਕਰਨ। ਸ. ਬਾਦਲ ਨੇ ਆਖਿਆ ਕਿ ਸੂਬਾ ਸਰਕਾਰ ਵਲੋਂ ਜਾਅਲੀ ਵਿਆਹਾਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਕੰਪਲਸਰੀ ਰਜਿਸਟ੍ਰੇਸ਼ਨ ਆਫ਼ ਮੈਰਿਜ ਐਕਟ ਰਾਹੀਂ ਇਤਿਹਾਸਕ ਕਾਨੂੰਨ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਧੋਖੇਬਾਜ਼ ਟਰੈਵਲ ਏਜੰਟਾਂ ਜਿਨ੍ਹਾਂ ਵਲੋਂ ਸਾਡੇ ਭੋਲੇਭਾਲੇ ਨੌਜਵਾਨਾਂ ਨੂੰ ਸਬਜ਼ਬਾਗ ਦਿਖਾ ਕੇ ਗੈਰਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ਾਂ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਇਨ੍ਹਾਂ ਨੌਜਵਾਨਾਂ ਨੂੰ ਬਹੁਤ ਦੁੱਖ ਹੰਢਾਉਣੇ ਪੈਂਦੇ ਹਨ, ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਮਨੁੱਖ ਤਸਕਰੀ ਰੋਕਥਾਮ ਐਕਟ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਜਾਇਦਾਦ ਅਤੇ ਮਾਲਕੀ ਹੱਕਾਂ ਦੀ ਹਿਫਾਜ਼ਤ ਲਈ ਪੰਜਾਬ ਅਰਬਨ ਰੈਂਟ ਕੰਟਰੋਲ ਐਕਟ ਵਿੱਚ ਵੀ ਤਰਮੀਮ ਕੀਤੀ ਗਈ ਹੈ।
ਇਸ ਇਤਿਹਾਸਕ ਮੌਕੇ ‘ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਭਵਿੱਖ ਵਿੱਚ ਪ੍ਰਵਾਸੀ ਪੰਜਾਬੀ ਆਪਣੀ ਵੱਖ ਵੱਖ ਥਾਈਂ ਜਾਇਦਾਦ ਨੂੰ ਵਾਰ ਵਾਰ ਖਾਲੀ ਕਰਵਾ ਸਕਦੇ ਹਨ ਜਦ ਕਿ ਮੌਜੂਦਾ ਕਾਨੂੰਨ ਤਹਿਤ ਇੱਕ ਜਾਇਦਾਦ ਨੂੰ ਇੱਕ ਵਾਰ ਹੀ ਖਾਲੀ ਕਰਵਾਇਆ ਜਾ ਸਕਦਾ ਹੈ। ਪ੍ਰਵਾਸੀ ਪੰਜਾਬੀਆਂ ਦੇ ਹਿੱਤ ਵਿੱਚ ਕਈ ਅਹਿਮ ਐਲਾਨ ਕਰਦਿਆਂ ਸ. ਬਾਦਲ ਨੇ ਆਖਿਆ ਕਿ ਇੱਕ ਜ਼ਿਲ੍ਹੇ ਵਿੱਚ ਸਥਿਤ ਜਾਇਦਾਦ ਦੀ ਪਾਵਰ ਆਫ਼ ਅਟਾਰਨੀ ਦੀ ਤਸਦੀਕ ਦੀ ਅਥਾਰਟੀ ਸਬੰਧਤ ਡਿਪਟੀ ਕਮਿਸ਼ਨਰ ਕੋਲ ਹੋਵੇਗੀ। ਇਸੇ ਤਰ੍ਹਾਂ ਜੇਕਰ ਜਾਇਦਾਦ ਦੋ ਜ਼ਿਲ੍ਹਿਆਂ ਵਿੱਚ ਹੈ ਤਾਂ ਇਸ ਦੀ ਤਸਦੀਕ ਡਵੀਜ਼ਨਲ ਕਮਿਸ਼ਨਰ ਕਰੇਗਾ। ਜੇਕਰ ਜਾਇਦਾਦ ਦੋ ਤੋਂ ਵੱਧ ਜਿਲ੍ਹਿਆਂ ਵਿੱਚ ਹੈ ਤਾਂ ਪਾਵਰ ਆਫ਼ ਅਟਾਰਨੀ ਦੀ ਤਸਦੀਕ ਦੀ ਅਥਾਰਟੀ ਵਿੱਤ ਕਮਿਸ਼ਨਰ ਮਾਲ ਕੋਲ ਹੋਵੇਗੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਛੇਤੀ ਨਿਬੇੜਾ ਕਰਨ ਲਈ ਤਿੰਨ ਹੋਰ ਐਨ.ਆਰ.ਆਈਜ਼ ਪੁਲਿਸ ਸਟੇਸ਼ਨ ਕਾਇਮ ਕੀਤੇ ਜਾਣਗੇ ਜਿਸ ਨਾਲ ਸੂਬੇ ਵਿੱਚ ਐਨ.ਆਰ.ਆਈਜ਼ ਥਾਣਿਆਂ ਦੀ ਗਿਣਤੀ 11 ਹੋ ਜਾਵੇਗੀ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਲਈ ਸੂਬੇ ਵਿੱਚ ਇੱਕ ਫ਼ਾਸਟ ਟਰੈਕ ਅਦਾਲਤ ਸਥਾਪਤ ਕੀਤੀ ਜਾਵੇਗੀ ਤਾਂ ਕਿ ਪ੍ਰਵਾਸੀ ਪੰਜਾਬੀਆਂ ਨੂੰ ਫੌਰੀ ਨਿਆਂ ਯਕੀਨੀ ਬਣਾਇਆ ਜਾ ਸਕੇ। ਇਸ ਅਦਾਲਤ ਦੇ ਗਠਨ ਲਈ ਉਹ ਰਸਮੀ ਪ੍ਰਵਾਨਗੀ ਪਹਿਲਾਂ ਹੀ ਦੇ ਚੁੱਕੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਸੂਬਾ ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਐਨ.ਆਰ.ਆਈਜ਼ ਕਮਿਸ਼ਨ ਦੀ ਸਥਾਪਨਾ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਭਗੌੜਿਆਂ ਦੇ ਮਾਮਲੇ ਵਿੱਚ ਸੂਬਾ ਸਰਕਾਰ ਦੀ ਸੰਜੀਦਗੀ ਦਰਸਾਉਂਦਿਆਂ ਸ. ਬਾਦਲ ਨੇ ਪ੍ਰਵਾਸੀ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਪਹਿਲਾਂ ਹੀ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਆਖ ਚੁੱਕੇ ਹਨ ਕਿ ਅਜਿਹੇ ਕੇਸਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ ਤਾਂ ਕਿ ਬੇਕਸੂਰ ਪ੍ਰਵਾਸੀ ਪੰਜਾਬੀ ਜੋ ਅਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਕੇਸਾਂ ਦੇ ਨਿਪਟਾਰਿਆਂ ਉਪਰੰਤ ਆਪਣੀ ਮਾਤ ਭੂਮੀ ‘ਤੇ ਆ ਸਕਣ।
ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਤਰੱਕੀ ਵਿੱਚ ਇੱਕ ਸਰਗਰਮ ਰੋਲ ਅਦਾ ਕਰਨ ਲਈ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿੱਚ ਨਿਵੇਸ਼ ਪੱਖੀ ਤੇ ਸੁਖਾਵਾਂ ਮਾਹੌਲ ਹੋਣ ਕਰਕੇ ਇਸ ਨੂੰ ਨਿਵੇਸ਼ ਕਰਨ ਦਾ ਸਭ ਤੋਂ ਤਰਜੀਹੀ ਟਿਕਾਣੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਅਤੇ ਏਕਤਾ ਦੀ ਮਜ਼ਬੂਤੀ ਕਾਰਨ ਇਹ ਸੂਬਾ ਦੇਸ਼ ਦਾ ਸਭ ਤੋਂ ਸ਼ਾਂਤਮਈ ਸੂਬਾ ਹੈ ਜਿਸ ਕਰਕੇ ਇਹ ਮਾਹੌਲ ਵੀ ਨਿਵੇਸ਼ ਕਰਨ ਦੇ ਹੱਕ ਵਿੱਚ ਪੂਰੀ ਤਰ੍ਹਾਂ ਭੁਗਤਦਾ ਹੈ। ਉਨ੍ਹਾਂ ਨੇ ਪ੍ਰਵਾਸੀ ਪੰਜਾਬੀ ਨਿਵੇਸ਼ਕਾਰਾਂ ਤੇ ਉਦਮੀਆਂ ਨੂੰ ਸੂਬੇ ਵਿੱਚ ਖਾਸ ਤੌਰ ‘ਤੇ ਸਨਅਤ ਅਤੇ ਐਗਰੋ ਪ੍ਰੋਸੈਸਿੰਗ ਵਿੱਚ ਵੱਡੀ ਪੱਧਰ ‘ਤੇ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਅਜਿਹੇ ਯੂਨਿਟਾਂ ਦੀ ਸਥਾਪਨਾ ਲਈ ਸਰਕਾਰ ਵਲੋਂ ਉਨ੍ਹਾਂ ਨੂੰ ਹਰ ਸੰਭਵ ਤੇ ਸਹਿਯੋਗ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ਇਹ ਵੀ ਵਿਸਥਾਰ ‘ਚ ਦੱਸਿਆ ਕਿ ਸੂਬਾ ਸਰਕਾਰ ਇਸ ਸਬੰਧ ਵਿੱਚ ਕਿਸ ਤਰ੍ਹਾਂ ਪ੍ਰਵਾਸੀ ਪੰਜਾਬੀਆਂ ਦੀ ਮਦਦ ਕਰ ਸਕਦੀ ਹੈ।
ਮੁੱਖ ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਆਖਿਆ ਕਿ ਉਹ ਸੂਬੇ ਨੂੰ ਹੋਰ ਅੱਗੇ ਲਿਜਾਣ ਲਈ ਆਪੋ ਆਪਣੇ ਤਜ਼ਰਬੇ ਸਾਂਝੇ ਕਰਨ ਕਿਉਂ ਜੋ ਉਹ ਉਨ੍ਹਾਂ ਮੁਲਕਾਂ ਵਿੱਚ ਵਸ ਰਹੇ ਹਨ ਜਿੱਥੇ ਤਕਨਾਲੋਜੀ ਦੀ ਰਫ਼ਤਾਰ ਸਾਡੇ ਮੁਲਕ ਤੋਂ ਬਹੁਤ ਤੇਜ਼ ਹੈ ਅਤੇ ਇਸ ਦਾ ਪੰਜਾਬ ਦੀ ਤਰੱਕੀ ਲਈ ਬਹੁਤ ਜ਼ਿਆਦਾ ਲਾਭ ਉਠਾਇਆ ਜਾ ਸਕਦਾ ਹੈ। ਇਸ ਮੌਕੇ ‘ਤੇ ਸ. ਬਾਦਲ ਨੇ ਬਹੁ-ਮੰਤਵੀ ਨਾਨ-ਰੈਜ਼ੀਡੈਂਟ ਪੰਜਾਬੀ ਪੀ੍ਰਵਲੇਜ ਕਾਰਡ ਵੀ ਜਾਰੀ ਕੀਤਾ ਜਿਸ ਨਾਲ ਪ੍ਰਵਾਸੀ ਪੰਜਾਬੀ ਆਪਣੇ ਬੱਚਿਆਂ ਨੂੰ ਸੂਬੇ ਦੇ ਸਕੂਲਾਂ ਵਿੱਚ ਦਾਖਲੇ ਦਿਵਾਉਣ ਦੇ ਨਾਲ ਨਾਲ ਸ਼ਾਪਿੰਗ ਮਾਲ ਵਿੱਚ ਖਰੀਦਦਾਰੀ, ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਰਹਿਣ-ਸਹਿਣ ਅਤੇ ਚੋਣਵੇਂ ਨਾਮੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਲੈਣ ਵਿੱਚ ਰਿਆਇਤਾਂ ਲੈ ਸਕਣਗੇ।
ਆਲਮੀ ਪੱਧਰ ‘ਤੇ ਪੰਜਾਬੀ ਭਾਈਚਾਰੇ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਜੰਮਪਲ ਮਹਾਨ ਸਪੁੱਤਰਾਂ ਜਿਨ੍ਹਾਂ ਵਿੱਚ ਨੋਬਲ ਪੁਰਸਕਾਰ ਜੇਤੂ ਸ਼੍ਰੀ ਹਰਗੋਬਿੰਦ ਖੁਰਾਨਾ ਅਤੇ ਨਿਊਯਾਰਕ ਸਟੇਟ ਦੇ ਅਟਾਰਨੀ ਜਨਰਲ ਸ਼੍ਰੀ ਪ੍ਰੀਤ ਭਰਾੜਾ ਜਿਹੀਆਂ ਸਖਸ਼ੀਅਤਾ ਸ਼ਾਮਲ ਹਨ, ਵਲੋਂ ਆਪੋ-ਆਪਣੇ ਖੇਤਰਾਂ ਵਿੱਚ ਪਾਏ ਲਾਮਿਸਾਲ ਯੋਗਦਾਨ ‘ਤੇ ਹਰ ਪੰਜਾਬੀ ਨੂੰ ਬਹੁਤ ਫ਼ਖ਼ਰ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਪ੍ਰਵਾਸੀ ਪੰਜਾਬੀ ਆਜ਼ਾਦੀ ਘੁਲਾਟੀਆਂ ਦੀ ਅਸੀਮ ਦੇਣ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਆਪਣੀ ਮਾਤ ਭੂਮੀ ਨੂੰ ਬਰਤਾਨਵੀਂ ਹਕੂਮਤ ਦੇ ਜੂਲੇ ਤੋਂ ਮੁਕਤ ਕਰਾਉਣ ਲਈ ਵਿਦੇਸ਼ ਤੋਂ ਗਦਰ ਅੰਦੋਲਨ ਸ਼ੁਰੂ ਕੀਤਾ। ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਵਿੱਚ ਗ਼ਦਰ ਅੰਦੋਲਨ ਦੀ 100ਵੀਂ ਵਰ੍ਹੇ ਗੰਢ ‘ਤੇ ਸੰਮੇਲਨ ਵਿੱਚ ਗ਼ਦਰੀ ਨਾਇਕਾਂ ਦੀ ਯਾਦ ਵਿੱਚ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਵੀ ਰੱਖਿਆ।
ਪ੍ਰਵਾਸੀ ਪੰਜਾਬੀਆਂ ਵਲੋਂ ਨਿਵੇਸ਼ ਕਰਨ ਲਈ ਪੰਜਾਬ ਨੂੰ ਸਭ ਤੋਂ ਤਰਜੀਹੀ ਅਤੇ ਬਿਹਤਰ ਸੂਬੇ ਵਜੋਂ ਦਰਸਾਉਣ ਲਈ ਇਸ ਦੀ ਦ੍ਰਿਸ਼ਟੀ ਦੀ ਪੇਸ਼ਕਾਰੀ ਕਰਦਿਆਂ ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਸਰਵਪੱਖੀ ਵਿਕਾਸ ਦੇ ਦੌਰ ਅਤੇ ਭਵਿੱਖਮੁਖੀ ਤਰੱਕੀ ਉਪਰ ਪੰਛੀ ਝਾਤ ਪਾਉਂਦੀ ਆਪਣੀ 55 ਮਿੰਟ ਦੀ ਪੇਸ਼ਕਾਰੀ ਦਿੱਤੀ। ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਵਿਰੋਧੀਆਂ ਦੇ ਕੂੜ ਪ੍ਰਚਾਰ ਵਿੱਚ ਭਰੋਸਾ ਨਾ ਕਰਨ ਜੋ ਭੋਲੇ-ਭਾਲੇ ਪ੍ਰਵਾਸੀ ਪੰਜਾਬੀਆਂ ਨੂੰ ਗੁਮਰਾਹ ਕਰਨ ਦੇ ਨਾਲ ਨਾਲ ਨਿਵੇਸ਼ ਨੂੰ ਰੋਕਣ ਲਈ ਚਿੱਕੜ ਉਛਾਲਦੇ ਰਹਿੰਦੇ ਹਨ। ਇਨ੍ਹਾਂ ਪੰਜਾਬ ਵਿਰੋਧੀ ਅਨਸਰਾਂ ਤੋਂ ਸੁਚੇਤ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਕਦੀ ਵੀ ਕਿਆਸਅਰਾਈਆਂ ਵਿੱਚ ਯਕੀਨ ਨਾ ਕਰਨ ਕਿਉਂਕਿ ਇਹ ਮੂੰਹੋਂ ਮੂਹੀਂ ਲਾਈਆਂ ਜਾਂਦੀਆਂ ਹਨ ਬਲਕਿ ਉਹ ਹਕੀਕਤ ਜਾਂ ਅਸਲੀ ਤੱਥਾਂ ‘ਤੇ ਭਰੋਸਾ ਕਰਨ। ਉਪ ਮੁੱਖ ਮੰਤਰੀ ਨੇ ਆਖਿਆ ਕਿ ਅੱਜ ਉਨ੍ਹਾਂ ਸ਼ੰਕਿਆਂ ਨੂੰ ਦੂਰ ਕੀਤਾ ਹੈ ਜਿਨ੍ਹਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਲਈ ਸੌੜੇ ਹਿੱਤਾਂ ਅਤੇ ਸਿਆਸੀ ਤੌਰ ‘ਤੇ ਪ੍ਰੇਰਿਤ ਕੂੜ ਪ੍ਰਚਾਰ ਰਾਹੀਂ ਸ਼ੰਕੇ ਖੜ੍ਹੇ ਕੀਤੇ ਗਏ ਸਨ ਜਿਸ ਦੇ ਕਾਰਨਾਂ ਬਾਰੇ ਉਸ ਦੇ ਸਿਆਸੀ ਵਿਰੋਧੀ ਭਲੀ-ਭਾਂਤ ਜਾਣਦੇ ਹਨ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਦਾ ਇਕੋ-ਇੱਕ ਏਜੰਡਾ ਸੂਬੇ ਦਾ ਸਰਵਪੱਖੀ ਵਿਕਾਸ ਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਤੇ ਮਦਦ ਦੀ ਮੰਗ ਕੀਤੀ ਤਾਂ ਕਿ ਪੰਜਾਬ ਨੂੰ ਸਿਰਫ਼ ਦੇਸ਼ ਦਾ ਹੀ ਨਹੀਂ ਸਗੋਂ ਦੁਨੀਆਂ ਭਰ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ। ਉਪ ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਸਿਆਸੀ ਵਿਰੋਧੀਆਂ ਵਲੋਂ ਸੂਬੇ ਦੀ ਆਰਥਿਕ ਸਥਿਤੀ ਬਾਰੇ ਪੇਸ਼ ਕੀਤੀ ਜਾ ਰਹੀ ਗਲਤ ਬਿਆਨੀ ਉਪਰ ਭੋਰਾ ਵੀ ਯਕੀਨ ਨਾ ਕਰਨ। ਉਨ੍ਹਾਂ ਆਖਿਆ ਕਿ ਤਰੱਕੀ ਲਈ ਉਤਪਾਦੀ ਕਰਜ਼ਾ ਇੱਕ ਕੁਦਰਤੀ ਧਾਰਨਾ ਹੈ ਜਿਸ ਨੂੰ ਅਮਰੀਕਾ ਤੇ ਜਾਪਾਨ ਵਰਗੇ ਵਿਕਸਤ ਮੁਲਕਾਂ ਦੇ ਨਾਲ ਨਾਲ ਵਿਸ਼ਵ ਪੱਧਰ ‘ਤੇ ਪ੍ਰਵਾਨਤ ਕੀਤਾ ਗਿਆ ਹੈ।
ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਦਸੰਬਰ, 2013 ਤੱਕ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ ਕਿਉਂ ਜੋ ਕਿਸੇ ਵੀ ਆਰਥਿਕਤਾ ਦੀ ਤਰੱਕੀ ਦੀ ਰਫ਼ਤਾਰ ਵਿੱਚ ਬਿਜਲੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੱਸਿਆ ਕਿ ਪੰਜਾਬ ਜੋ ਹੁਣ ਤੱਕ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਸੂਬੇ ਵਜੋਂ ਜਾਣਿਆਂ ਜਾਂਦਾ ਹੈ, ਭਵਿੱਖ ਵਿੱਚ ਦੇਸ਼ ਦੇ ਹੋਰਨਾਂ ਲੋੜਵੰਦ ਸੂਬਿਆਂ ਤੋਂ ਇਲਾਵਾ ਪਾਕਿਸਤਾਨ ਨੂੰ ਬਿਜਲੀ ਦੀ ਬਰਾਮਦਗੀ ਵੀ ਕਰੇਗਾ। ਉਨ੍ਹਾਂ ਨੇ ਭਰੋਸੇ ਨਾਲ ਆਖਿਆ ਕਿ ਪੰਜਾਬ ਛੇਤੀ ਹੀ ਦੂਹਰੇ ਅੰਕ ਵਾਲੀ ਵਿਕਾਸ ਦਰ ਨੂੰ ਛੂਹ ਲਵੇਗਾ।
ਸੂਬੇ ਦੇ ਚਾਰ ਮਾਰਗੀ ਤੇ ਛੇ ਮਾਰਗੀ ਐਕਸਪ੍ਰੈਸ ਹਾਈਵੇਜ਼ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਪ੍ਰਾਜੈਕਟਾਂ ਜਿਨ੍ਹਾਂ ਵਿੱਚ ਸ਼ੰਭੂ-ਜਲੰਧਰ, ਜਲੰਧਰ-ਪਠਾਨਕੋਟ, ਜਲੰਧਰ-ਅੰਮ੍ਰਿਤਸਰ, ਅੰਮ੍ਰਿਤਸਰ-ਗੰਗਾਨਗਰ, ਲੁਧਿਆਣਾ-ਮੋਗਾ-ਫਿਰੋਜ਼ਪੁਰ, ਹੁਸ਼ਿਆਰਪੁਰ-ਜੀਂਦ, ਜ਼ੀਰਕਪੁਰ-ਪਟਿਆਲਾ ਤੇ ਬਠਿੰਡਾ-ਪਟਿਆਲਾ ਸ਼ਾਮਲ ਹਨ, ਨੂੰ ਪੀ.ਪੀ. ਵਿਧੀ ਰਾਹੀਂ ਬਣਾਇਆ ਜਾਵੇਗਾ ਜੋ ਆਉਂਦੇ ਕੁਝ ਸਾਲਾਂ ਵਿੱਚ ਮੁਕੰਮਲ ਹੋ ਜਾਣਗੇ ਅਤੇ ਇਨ੍ਹਾਂ ਉਪਰ 76000 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਸਾਰੇ 147 ਸ਼ਹਿਰਾਂ ਤੇ ਕਸਬਿਆਂ ਲਈ ਮਾਸਟਰ ਪਲਾਨ ਸ਼ੁਰੂ ਕੀਤਾ ਹੈ ਤਾਂ ਕਿ ਇਨ੍ਹਾਂ ਸ਼ਹਿਰਾਂ ਤੇ ਕਸਬਿਆਂ ਦਾ ਯੋਜਨਾਬੱਧ ਤੇ ਸੰਗਠਿਤ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਜਿਸ ਨਾਲ ਗੈਰਕਾਨੂੰਨੀ ਤੌਰ ‘ਤੇ ਕੱਟੀਆਂ ਜਾਂਦੀਆਂ ਕਲੋਨੀਆਂ ਨੂੰ ਠੱਲ੍ਹ ਪਵੇਗੀ ਜੋ ਉਘੜ-ਦੁੱਘੜ ਵਿਕਾਸ ਨੂੰ ਜਨਮ ਦਿੰਦੀਆਂ ਹਨ। ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼ਹਿਰੀ ਵਿਕਾਸ ਦਾ ਮੁੱਖ ਧੁਰਾ 24 ਘੰਟੇ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੀ 100 ਫ਼ੀਸਦੀ ਸਪਲਾਈ ਅਤੇ ਸੀਵਰੇਜ਼ ਵਾਟਰ ਟਰੀਟਮੈਂਟ ਆਦਿ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ।
ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੂਬੇ ਦੇ ਸਨਅਤੀ ਧੁਰੇ ਲੁਧਿਆਣਾ ਵਿੱਚ ਛੇਤੀ ਹੀ ਪਲੇਠੀ ਮੈਟਰੋ ਰੇਲ ਸੇਵਾ ਸ਼ੁਰੂ ਕੀਤੀ ਜਾਵੇਗੀ ਜਿਸ ਦਾ ਕੰਮ ਬਹੁਤ ਜਲਦ ਆਰੰਭ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਵਿੱਚ ਮੋਨੋ ਰੇਲ (ਪੀ.ਓ.ਡੀ) ਸਿਸਟਮ ਵੀ ਆਰੰਭਿਆ ਜਾ ਰਿਹਾ ਹੈ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਆਉਣ-ਜਾਣ ਦੀ ਸਹੂਲਤ ਮਿਲ ਸਕੇ। ਸੂਬਾ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਂਟਰੈਂਸ ਪਲਾਜ਼ਾ ਦੀ ਉਸਾਰੀ ਵੀ 200 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਈ ਜਾ ਰਹੀ ਹੈ। ਉਪ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਨਿਵੇਸ਼ ਨੂੰ ਹੁਲਾਰਾ ਦੇਣ ਲਈ 113503.46 ਕਰੋੜ ਰੁਪਏ ਦੇ ਨਿਵੇਸ਼ ਵਾਲੇ 305 ਮੈਗਾ-ਉਦਯੋਗਿਕ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਸੂਬਾ ਸਰਕਾਰ ਵਲੋਂ ਖੇਡਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਅਤੇ ਵਿਕਾਸ ਲਈ ਬਹੁਤ ਵੱਡੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਕਬੱਡੀ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਦਿਵਾਉਣ ਤੋਂ ਬਾਅਦ ਹੁਣ ਹਾਕੀ ਦੀ ਪ੍ਰਫੁੱਲਤਾ ਲਈ ਯਤਨ ਕੀਤੇ ਜਾ ਰਹੇ ਹਨ। ਉਪ ਮੁੱਖ ਮੰਤਰੀ ਨੇ ਆਖਿਆ ਕਿ ਦੇਸ਼ ਵਿੱਚ 16 ਐਸਟਰੋ ਟਰਫ਼ ਵਿਚੋਂ 7 ਇਕੱਲੇ ਪੰਜਾਬ ਵਿੱਚ ਹਨ ਜੋ ਹਾਕੀ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪ੍ਰਫੁੱਲਤ ਕਰਨ ਵਿੱਚ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਮਹਾਨ ਸਮਾਗਮ ਵਿੱਚ ਸ਼ਾਮਲ ਹੋਏ ਪ੍ਰਵਾਸੀ ਪੰਜਾਬੀਆਂ ਦਾ ਸਵਾਗਤ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਕਿਉਂ ਜੋ ਪਹਿਲੀ ਵਾਰ ਸੂਬਾ ਸਰਕਾਰ ਅਤੇ ਪ੍ਰਵਾਸੀ ਪੰਜਾਬੀਆਂ ਦਰਮਿਆਨ ਵਾਰਤਾ ਸੈਸ਼ਨ ਹੋਇਆ ਹੈ ਜਿਸ ਰਾਹੀਂ ਸੂਬਾ ਸਰਕਾਰ ਦੀਆਂ ਨੀਤੀਆਂ ਲਈ ਉਨ੍ਹਾਂ ਦੇ ਦਿਲੀ ਸਹਿਯੋਗ ਅਤੇ ਮਦਦ ਲਈ ਜਾਵੇਗੀ। ਸ. ਮਜੀਠੀਆ ਨੇ ਆਸ ਪ੍ਰਗਟਾਈ ਕਿ ਪ੍ਰਵਾਸੀ ਪੰਜਾਬੀਆਂ ਦੇ ਇਸ ਦੋ ਰੋਜ਼ਾ ਸੰਮੇਲਨ ਨਾਲ ਪੰਜਾਬ ਵਿਸ਼ਵ ਪੱਧਰ ‘ਤੇ ਇੱਕ ਤਾਕਤਵਰ ਸੂਬੇ ਵਜੋਂ ਉਭਰੇਗਾ। ਉਨ੍ਹਾਂ ਆਖਿਆ ਕਿ ਸੂਬੇ ਲਈ ਇਹ ਮਾਣ ਤੇ ਸਤਿਕਾਰ ਵਾਲੀ ਗੱਲ ਹੈ ਕਿ ਪ੍ਰਵਾਸੀ ਪੰਜਾਬੀ ਮੀਡੀਆ ਪਹਿਲੀ ਵਾਰ ਇਸ ਸੰਮੇਲਨ ਦੀ ਕਵਰੇਜ਼ ਕਰੇਗਾ ਅਤੇ ਉਨ੍ਹਾਂ ਨੇ ਵਿਦੇਸ਼ੀ ਮੀਡੀਆ ਵਿੱਚ ਸੂਬੇ ਨੂੰ ਹਕੀਕੀ ਰੂਪ ਵਜੋਂ ਪੇਸ਼ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਸ. ਮਜੀਠੀਆ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਐਨ.ਆਰ.ਆਈ ਮੀਡੀਆ ਨੇ ਉਨ੍ਹਾਂ ਦਾ ਪੰਜਾਬ ਵਿੱਚ ਜ਼ੋਰਦਾਰ ਸਵਾਗਤ ਕਰਨ ਬਦਲੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ. ਮਜੀਠੀਆ ਨੇ ਐਲਾਨ ਕੀਤਾ ਕਿ ਐਨ.ਆਰ.ਆਈ. ਮੀਡੀਆ ਵੀ ਮਾਨਤਾ ਪ੍ਰਾਪਤ, ਐਕਰੀਡੀਟੇਸ਼ਨ ਅਤੇ ਇਸ਼ਤਿਹਾਰ ਜਾਰੀ ਕਰਨ ਵਰਗੀਆਂ ਸਾਰੀਆਂ ਸਹੂਲਤਾਂ ਜੋ ਪੰਜਾਬ ਵਿੱਚ ਉਨ੍ਹਾਂ ਦੇ ਹਮਰੁਤਬਿਆਂ ਨੂੰ ਮਿਲਦੀਆਂ ਹਨ, ਦਾ ਵੀ ਹੱਕਦਾਰ ਹੋਵੇਗਾ।
ਮੰਚ ‘ਤੇ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਚੂੰਨੀ ਲਾਲ ਭਗਤ ਅਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਹਾਜ਼ਰ ਸਨ।
ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਕੈਬਨਿਟ ਮੰਤਰੀ, ਮੁੱਖ ਸੰਸਦੀ ਸਕੱਤਰ, ਵਿਧਾਇਕ, ਸੂਬੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਦੀਆਂ ਉਘੀਆਂ ਤੇ ਨਾਮਵਰ ਸਖਸ਼ੀਅਤਾਂ ਸ਼ਾਮਲ ਹੋਈਆਂ।

Loading...

Comments are closed.