Daily Aashiana
Punjabi Newspaper Online

ਚੂਨੀ ਲਾਲ ਭਗਤ ਨੇ ਮੈਡੀਕਲ ਫੈਕਲਟੀ ਦੇ 15 ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ

17

Appointment-Letter-Pic-2ਚੰਡੀਗੜ੍ਹ, 8 ਜਨਵਰੀ – ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ ਮੈਡੀਕਲ ਫੈਕਲਟੀ ਦੇ 15 ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨਵੇਂ ਪ੍ਰੋਫੈਸਰ, ਸਹਾਇਕ ਪ੍ਰੋਫੈਸਰ, ਸੀਨੀਅਰ ਲੈਕਚਰਾਰ ਤੇ ਲੈਕਚਰਾਰਾਂ ਦੀ ਤਾਇਨਾਤੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਵਿਖੇ ਕੀਤੀ ਗਈ ਹੈ। ਸ੍ਰੀ ਚੂਨੀ ਲਾਲ ਭਗਤ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਕੰਮ ਨੂੰ ਕਿੱਤੇ ਵਜੋਂ ਨਹੀਂ ਬਲਕਿ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ। ਉਨ੍ਹਾਂ ਕਿਹਾ ਕਿ ਡਾਕਟਰ ਦਾ ਰੁਤਬਾ ਸਭ ਤੋਂ ਵੱਡਾ ਹੁੰਦਾ ਹੈ ਜਿਹੜਾ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਨੂੰ ਮਾਣ ਹੈ ਕਿ ਉਨ੍ਹਾਂ ਡਾਕਟਰੀ ਕਿੱਤੇ ਨੂੰ ਬਹੁਤ ਕਾਬਲ ਡਾਕਟਰ ਦਿੱਤੇ ਹਨ ਅਤੇ ਹੁਣ ਨਵੇਂ ਚੁਣੇ ਗਏ ਫੈਕਲਟੀ ਮੈਂਬਰ ਇਸ ਮੁਕਾਮ ਨੂੰ ਹੋਰ ਸਿਖਰਾਂ ‘ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੰਦੀ ਹੋਈ ਸੂਬੇ ਦੇ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਨਵੇਂ ਚੁਣੇ ਮੈਡੀਕਲ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਮੈਡੀਕਲ ਫੈਕਲਟੀ ਮੈਂਬਰਾਂ ਵਿੱਚ ਡਾ. ਅਸ਼ਵਨੀ ਕੁਮਾਰ (ਪ੍ਰੋਫੈਸਰ ਸਰਜਰੀ), ਡਾ. ਲਵੀਨਾ (ਪ੍ਰੋਫੈਸਰ ਮਾਈਕਰੋਬਾਇਲੌਜੀ), ਡਾ. ਲਵਲੀਨ ਭਾਟੀਆ (ਸਹਾਇਕ ਪ੍ਰੋਫੈਸਰ ਮੈਡੀਸਨ), ਡਾ. ਰਮਿੰਦਰਪਾਲ ਸਿੰਘ ਸਿਬੀਆ (ਸਹਾਇਕ ਪ੍ਰੋਫੈਸਰ ਮੈਡੀਸਨ), ਡਾ. ਗਿਆਨ ਚੰਦ (ਸਹਾਇਕ ਪ੍ਰੋਫੈਸਰ ਮੈਡੀਸਨ), ਡਾ. ਸੰਜੀਵ ਭਗਤ (ਸਹਾਇਕ ਪ੍ਰੋਫੈਸਰ ਈ.ਐਨ.ਟੀ.), ਡਾ. ਤਜਿੰਦਰ ਕੌਰ (ਸਹਾਇਕ ਪ੍ਰੋਫੈਸਰ ਗਾਇਨੀ), ਡਾ. ਪ੍ਰੀਤ ਕੰਵਲ ਸਿਬੀਆ (ਸਹਾਇਕ ਪ੍ਰੋਫੈਸਰ ਗਾਇਨੀ), ਡਾ. ਪਰਮੀਤ ਕੌਰ ਬੱਗਾ (ਸਹਾਇਕ ਪ੍ਰੋਫੈਸਰ ਕਲੀਨੀਕਲ ਪੈਥਾਲੌਜੀ), ਡਾ. ਮਨਪ੍ਰੀਤ ਸਲੂਜਾ (ਸੀਨੀਅਰ ਲੈਕਚਰਾਰ ਪਦਨਾਮ ਸਹਾਇਕ ਪ੍ਰੋਫੈਸਰ ਕਾਰਡੀਓਥੈਰੇਸਿਕ ਸਰਜਰੀ), ਡਾ. ਸੂਰਯ ਗੁਪਤਾ (ਸੀਨੀਅਰ ਲੈਕਚਰਾਰ ਪਦਨਾਮ ਸਹਾਇਕ ਪ੍ਰੋਫੈਸਰ ਰੇਡੀਓਡਾਇਗੋਨੈਸਿਜ), ਡਾ. ਸ਼ੈਲਪ੍ਰੀਤ ਕੌਰ ਸਿੱਧੂ (ਲੈਕਚਰਾਰ ਮਾਈਕਰੋਬਾਇਲੌਜੀ), ਡਾ. ਅਨੁਰਾਧਾ (ਲੈਕਚਰਾਰ ਅਨਾਟਮੀ), ਡਾ. ਅਦਿੱਤਿਆ ਜੈਨ (ਲੈਕਚਰਾਰ ਫਿਜਾਲੌਜੀ) ਤੇ ਡਾ. ਅਨੂਪਿੰਦਰ ਥਿੰਦ (ਲੈਕਚਰਾਰ ਫਿਜਾਲੌਜੀ) ਸ਼ਾਮਲ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਐਚ.ਐਸ. ਨੰਦਾ,  ਡਾਇਰੈਕਟਰ ਡਾ.ਏ.ਐਸ.ਥਿੰਦ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਕੇ.ਡੀ. ਸਿੰਘ, ਮੈਡੀਕਲ ਸੁਪਰਡੈਂਟ ਡਾ. ਵੀ.ਕੇ.ਸ਼ਾਰਧਾ ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਜਸਵੰਤ ਰਾਏ ਆਦਿ ਹਾਜ਼ਰ ਸਨ।

Loading...

Comments are closed.