Daily Aashiana
Punjabi Newspaper Online

ਔਰਤਾਂ ਖਿਲਾਫ ਅਪਰਾਧਾਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਸੰਸਦ ਦਾ ਵਿਸੇਸ਼ ਸਮਾਗਮ ਸੱਦਿਆ ਜਾਵੇ‑ਹਰਸਿਮਰਤ ਕੌਰ ਬਾਦਲ

9
  • ਕਾਂਗਰਸ ਦੀ ਨੀਤੀ ਪੰਜਾਬ ਦਾ ਨੁਕਸਾਨ ਕਰਨ ਦੀ
  • ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਤਿਆਰ
  • ਮੈਂਬਰ ਪਾਰਲੀਮੈਂਟ ਵੱਲੋਂ ਲੰਬੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮ

8-MKT--02ਲੰਬੀ, ਸ੍ਰੀ ਮੁਕਤਸਰ ਸਾਹਿਬ, 8 ਜਨਵਰੀ – ਔਰਤਾਂ ਖਿਲਾਫ ਹੁੰਦੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਲਈ ਸੰਸਦ ਦਾ ਵਿਸੇਸ਼ ਸਮਾਗਮ ਬੁਲਾਏ ਜਾਣ ਦੀ ਮੰਗ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਇਸ ਸਬੰਧੀ ਕਾਨੂੰਨ ਵਿਚ ਤੁਰੰਤ ਸੁਧਾਰ ਦੀ ਲੋੜ ਹੈ। ਉਨ੍ਹਾਂ  ਇਹ ਗੱਲ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਖੀ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਔਰਤਾਂ ਖਿਲਾਫ ਹੁੰਦੇ ਅਪਰਾਧਾਂ ਨੂੰ ਰੋਕਣ ਲਈ ਗੰਭੀਰਤਾ ਨਹੀਂ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਦ ਦਾ ਵਿਸੇਸ਼ ਸਮਾਗਮ ਸੱਦ ਕੇ ਜਿੱਥੇ ਕਰੜੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਉੱਥੇ ਰਾਜਾਂ ਨੂੰ ਵੀ ਪਾਬੰਦ ਕਰਨਾ ਚਾਹੀਦਾ ਹੈ ਕਿ ਉਹ ਔਰਤਾਂ ਖਿਲਾਫ ਹੁੰਦੇ ਅਪਰਾਧਾਂ ਨੂੰ ਨਕੇਲ ਪਾਉਣ ਲਈ ਅਜਿਹੇ ਕਾਨੂੰਨਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਲੋਕ ਹਿੱਤਾਂ ਦੀ ਕੇਵਲ ਗੱਲ ਹੀ ਕਰਦੀ ਹੈ ਪਰ ਹਕੀਕਤ ਵਿਚ ਕੁਝ ਵੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਗੁਜਰਾਤ ਸਕੈਂਡਲ, ਕੇਤੀਆਂ ਕਾਂਡ ਆਦਿ ਵਰਗੇ ਦਾਗ ਕਾਂਗਰਸ ਦੇ ਦਾਮਨ ਤੇ ਲੱਗੇ ਹੋਏ ਹਨ ਅਤੇ ਅਜਿਹੀ ਪਾਰਟੀ ਤੋਂ ਔਰਤਾਂ ਖਿਲਾਫ ਹੁੰਦੇ ਜ਼ੁਰਮ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੀ ਆਸ ਰੱਖਣਾ ਬੇਮਾਨੀ ਗੱਲ ਹੀ ਹੋਵੇਗੀ। ਉਨ੍ਹਾਂ ਔਰਤਾਂ ਦੀ ਸਮਾਜ ਵਿਚ ਬਰਾਬਰੀ ਅਤੇ ਸੁੱਰਖਿਆ ਲਈ ਲੋਕਾਂ, ਖਾਸ਼ ਕਰਕੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਮਾਜ ਨੂੰ ਆਪਣੀ ਸੋਚ ਵਿਚ ਬਦਲਾਅ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਘਰ ਤੋਂ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਸਮਾਜ ਆਪਣੇ ਆਪ ਸੁਧਰ ਜਾਵੇਗਾ।
ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਤੇ ਹੱਲਾ ਬੋਲਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੂਰਾ ਦੇਸ਼ ਇਸ ਸਰਕਾਰ ਤੋਂ ਨਰਾਜ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ ਦੂਜੇ ਪਾਸੇ ਨਿੱਤ ਦਿਨ ਵਧਦੀਆਂ ਖੇਤੀ ਲਾਗਤਾਂ ਕਾਰਨ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਕਾਰਨ ਗਰੀਬੀ ਅਤੇ ਮਹਿੰਗਾਈ ਨਿੱਤ ਦਿਨ ਵਧ ਰਹੀ ਹੈ ਅਤੇ ਦੇਸ਼ ਦੀ ਵਿਕਾਸ ਦਰ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਲਈ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਚੋਣਾਂ ਦੇ ਨੇੜੇ ਆ ਕੇ ਹੀ ਵੋਟਰਾਂ ਕੋਲ ਜਾਂਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਹਰ ਸਮੇਂ ਲੋਕਾਂ ਵਿਚ ਵਿਚਰਨ ਵਾਲੀ ਪਾਰਟੀ ਹੈ। ਉਨ੍ਹਾਂ ਦਾਅਵਾ ਕੀਤਾ ਗਿਆ ਜਿਸ ਤਰਾਂ ਦੇ ਮੁਲਕ ਦੇ ਹਾਲਾਤ ਹਨ ਮੁਲਕ ਭਰ ਵਿਚੋਂ ਅਗਾਮੀ ਆਮ ਚੋਣਾਂ ਤੋਂ ਬਾਅਦ ਲੋਕਾਂ ਨੇ ਕਾਂਗਰਸ ਦਾ ਸਫਾਇਆ ਕਰਕੇ ਇਕ ਨਵਾਂ ਇਤਿਹਾਸ ਰੱਚ ਦੇਣਾ ਹੈ।

ਬੀਬੀ ਹਰਸਿਮਤਰ ਕੌਰ ਬਾਦਲ ਨੇ ਕੇਂਦਰ ਸਰਕਾਰ ਦੀਆਂ ਪੰਜਾਬ ਨਾਲ ਵਿਤਕਰੇ ਵਾਲੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਇਹ ਗੁਪਤ ਨੀਤੀ ਰਹੀ ਹੈ ਕਿ ਪੰਜਾਬ ਜੋ ਤੇਜੀ ਨਾਲ ਤਰੱਕੀ ਕਰ ਰਿਹਾ ਸੂਬਾ ਹੈ, ਨੂੰ ਕਿਸੇ ਵੀ ਤਰਾਂ ਪਿਛਾੜਿਆ ਜਾਵੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇਸ਼ ਭਰ ਦਾ ਪੇਟ ਪਾਲਕ ਹੈ ਉੱਥੇ ਸਰਹੱਦੀ ਰਾਜ ਹੋਣ ਦਾ ਸੰਤਾਪ ਵੀ ਪੰਜਾਬ ਨੇ ਹੰਡਾਇਆ ਹੈ ਪਰ ਫਿਰ ਵੀ ਪੰਜਾਬ ਨੇ ਹਮੇਸਾ ਦੇਸ਼ ਦੀ ਖੜਕ ਭੂਜਾ ਬਣ ਕੇ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਪੰਜਾਬ ਵਿਚ ਹੁੰਦੀ ਨਸ਼ਿਆਂ ਦੀ ਤਸਕਰੀ ਨੂੰ ਰੋਕਣਾ ਕੇਂਦਰ ਦੀ ਜਿੰਮੇਵਾਰੀ ਹੈ। ਪਰ ਕੇਂਦਰ ਨੇ ਕਦੇ ਵੀ ਪੰਜਾਬ ਦੀਆਂ ਚੁਣੌਤੀਆਂ ਅਤੇ ਸਮਸਿਆਵਾਂ ਨੂੰ ਗੰਭੀਰਤਾਂ ਨਾਲ ਸਮਝ ਕੇ ਹੱਲ ਕਰਨ ਦਾ ਯਤਨ ਨਹੀਂ ਕੀਤਾ।
ਇਸ ਤੋਂ ਪਹਿਲਾਂ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਮਾਜ ਵਿਚ ਧੀਆਂ ਨੂੰ ਬਰਾਬਰੀ ਦੇ ਮੌਕੇ ਦੇਣ ਅਤੇ ਧੀਆਂ ਦੀ ਲੋਹੜੀ ਮਨਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਪਿੰਡ ਫਤੂਹੀ ਵਾਲਾ, ਸਿੰਘੇਵਾਲਾ, ਗੱਗੜ, ਮਿਠੜੀ ਬੁੱਧਗਿਰ, ਬੀਦੋਵਾਲੀ, ਮਾਨ, ਖਿਓਵਾਲੀ, ਭਾਗੂ ਆਦਿ ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮ ਦੌਰਾਨ ਉਨ੍ਹਾਂ ਪਿੰਡਾਂ ਦੇ  ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਮੁਸਕਿਲਾਂ ਦੇ ਹੱਲ ਕਰਨ ਦੇ ਹੁਕਮ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਠਿੰਡਾ ਸਥਿਤ ਦਫ਼ਤਰ ਵਿਖੇ ਉਨ੍ਹਾਂ ਇਕ ਸ਼ਿਕਾਹਿਤ ਬਕਸਾ ਲਗਾਇਆ ਹੈ ਜਿਸ ਦੀ ਚਾਬੀ ਉਨ੍ਹਾਂ ਦੇ ਖੁਦ ਦੇ ਕੋਲ ਹੈ। ਇਥੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਲਿਖ ਕੇ ਪਾ ਸਕਦਾ ਹੈ। Àਨ੍ਹਾਂ ਕਿਹਾ ਕਿ ਜੇਕਰ ਕਿਸੇ ਸਰਕਾਰੀ ਕੰਮ ਵਿਚ ਕਿਸੇ ਉਣਤਾਈ ਜਾਂ ਗੜਬੜੀ  ਸਬੰਧੀ ਕੋਈ ਬੇਨਾਮੀ ਸ਼ਿਕਾਇਤ ਵੀ ਲਿਖ ਕੇ ਭੇਜੇਗਾ ਤਾਂ ਵੀ ਉਹ ਜਾਂਚ ਕਰਵਾਉਣਗੇ। ਉਨ੍ਹਾਂ ਵਿਕਾਸ ਪ੍ਰੋਜੈਕਟ ਤੈਅ ਸਮੇਂ ਅੰਦਰ ਮੁਕੰਮਲ ਕਰਨ ਦੇ ਹੁਕਮ ਵੀ ਅਧਿਕਾਰੀਆਂ ਨੂੰ ਦਿੱਤੇ। ਇਸ ਦੌਰਾਨ ਉਨ੍ਹਾਂ ਪਿੰਡ ਬਾਦਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖ 15 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਪ੍ਰਬੰਧਕੀ ਬਲਾਕ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਐਸ.ਡੀ.ਐਮ. ਮਲੋਟ ਸ੍ਰੀ ਅਮਨਦੀਪ ਬਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਵਿੰਦਰ ਪਾਲ ਕੌਰ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਅਵਤਾਰ ਸਿੰਘ ਵਨਵਾਲਾ, ਸ: ਫਤਿਹਜੀਤ ਸਿੰਘ ਮਾਨ, ਸ: ਜਸਵਿੰਦਰ ਸਿੰਘ ਧੌਲਾ, ਸ: ਅਕਾਸ਼ਦੀਪ ਸਿੰਘ ਮਿੱਡੂਖੇੜਾ, ਸ: ਰਣਜੋਧ ਸਿੰਘ ਲੰਬੀ, ਸ: ਹਰਮੇਸ਼ ਸਿੰਘ ਖੂਡੀਆਂ, ਸ: ਮਨਜੀਤ ਸਿੰਘ ਲਾਲਬਾਈ, ਬੀਬੀ ਵੀਰਪਾਲ ਕੌਰ ਤਰਮਾਲਾ ਮੈਂਬਰ ਪੰਜਾਬ ਮਹਿਲਾ ਕਮਿਸ਼ਨ ਆਦਿ ਵੀ ਹਾਜਰ ਸਨ।

Comments are closed.