Daily Aashiana
Punjabi Newspaper Online

ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਤੋਂ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਖੋਲ੍ਹਣ ਦੇ ਅਮਲ ਵਿਚ ਤੇਜ਼ੀ ਲਿਆਉਣ ਦੀ ਮੰਗ

4

K-1ਕੋਚੀ, 8 ਜਨਵਰੀ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਸਲਮਾਨ ਖੁਰਸ਼ੀਦ ਨੂੰ ਬੇਨਤੀ ਕੀਤੀ ਕਿ ਉਹ ਅਟਾਰੀ ਸਰਹੱਦ ਸਥਿਤ ਇੰਟੈਗ੍ਰਟਿਡ ਚੈਕ ਪੋਸਟ ਜ਼ਰੀਏ ਵਪਾਰਕ ਸਰਗਰਮੀਆਂ ਦੀ ਵਧੀ ਹੋਈ ਮੰਗ ਦੀ ਪੂਰਤੀ ਲਈ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਦੀ ਸਥਾਪਨਾ ਲਈ ਲੋੜੀਂਦੇ ਕਦਮ ਛੇਤੀ ਚੁੱਕਣ।

ਅੱਜ ਇਥੇ ਪ੍ਰਧਾਨ ਮੰਤਰੀ ਵਲੋਂ 11ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਉਦਘਾਟਨ ਮੌਕੇ ਸਮਾਗਮ ਵਾਲੀ ਥਾਂ ਦੇ ਨੇੜੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰੀ ਨਾਲ ਇਕ ਗੈਰ-ਰਸਮੀ ਮੁਲਾਕਾਤ ਦੌਰਾਨ ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਜੋਰ ਦੇ ਕੇ ਕਿਹਾ ਕਿ ਉਹ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਅਟਾਰੀ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸੇ ਦਰਪੇਸ਼ ਮੁਸ਼ਕਲਾਂ ਨੂੰ ਹਲ ਕਰਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੋਲ ਪਾਕਿਸਤਾਨ ਵਾਲੇ ਪਾਸੇ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਉਠਾਉਣ। ਉਨ੍ਹਾਂ ਦੱਸਿਆ ਕਿ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਦੇ ਬਰਾਮਦਕਾਰਾਂ ਲਈ ਵੱਡੀ ਮੁਸ਼ਕਲ ਬਣੀ ਹੋਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰੀ ‘ਤੇ ਇਸ ਗੱਲ ਲਈ ਵੀ ਜ਼ੋਰ ਦਿੱਤਾ ਕਿ ਉਹ ਪਾਕਿਸਤਾਨ ਸਰਕਾਰ ਨਾਲ ਹੋਈ ਸਹਿਮਤੀ ਮੁਤਾਬਕ ਅਟਾਰੀ ਨੂੰ ਮੁਕੰਮਲ ਖੁਸ਼ਕ ਬੰਦਰਗਾਹ ਦਾ ਦਰਜ਼ਾ ਦੇਣ ਲਈ ਅਧਿਸੂਚਨਾ ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਤਾਂ ਜੋ 6000 ਵਸਤਾਂ ਦੀ ਬਰਾਮਦ ਅਤੇ ਦਰਾਮਦ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪੰਜਾਬ ਵਾਲੇ ਪਾਸੇ ਅਟਾਰੀ ਤੱਕ ਸੜਕ ਦਾ 8 ਮਾਰਗੀਕਰਨ ਕਰ ਦਿੱਤਾ ਹੈ ਅਤੇ ਕੇਂਦਰ ਸਰਕਾਰ ਦੇ ਇਸ ਪ੍ਰਸਤਾਵ ਨੂੰ ਸਫਲਤਾਪੂਰਵਕ ਲਾਗੂ ਕਰਾਉਣ ਲਈ ਮੁਕੰਮਲ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਤਿਆਰ ਹੈ।

ਸਿੱਖ ਧਰਮ ਵਿਚ ਭਾਰੀ ਇਤਿਹਾਸਕ ਮਹੱਤਤਾ ਰੱਖਦੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਇੱਕ ਵਿਸੇਸ਼ ਲਾਂਘੇ ਦੀ ਵਿਵਸਥਾ ਦਾ ਮਾਮਲਾ ਉਠਾਉਂਦਿਆਂ ਸ. ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਨੂੰ ਪਾਕਿ ਪ੍ਰਧਾਨ ਮੰਤਰੀ ਨਾਲ ਨਿੱਜੀ ਤੌਰ ‘ਤੇ ਉਠਾਉਣ ਤਾਂ ਜੋ ਸਿੱਖ ਸ਼ਰਧਾਲੂਆਂ ਦੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਗੁਰਦੁਆਰਾ ਸਾਹਿਬ ਦੇ ਨਿਰਵਿਘਨ ਦਰਸ਼ਨਾਂ ਦੀ ਤਾਂਘ ਛੇਤੀ ਪੂਰੀ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਨੂੰ ਦੇਸ਼ ਭਰ ਤੋਂ ਸਿੱਖਾਂ ਦੇ ਵੱਡੇ ਵਫਦ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਇੱਕ ਸਿੱਖ ਨੂੰ ਵੱਡੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਖੁਦ ਇਕ ਸਿੱਖ ਹੋਣ ਦੇ ਨਾਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਗੇ ਅਤੇ ਇਸ ਚਿਰੋਕਣੀ ਤਾਂਘ ਦੀ ਪੂਰਤੀ ਲਈ ਪਾਕਿਸਤਾਨ ਸਰਕਾਰ ਨਾਲ ਇਹ ਮਾਮਲਾ ਸੁਚੱਜੇ ਢੰਗ ਨਾਲ ਉਠਾਉਣਗੇ।

ਇਸ ਤੋਂ ਪਹਿਲਾਂ ਸ. ਬਾਦਲ ਵੱਖ ਵੱਖ ਦੇਸ਼ਾਂ ਤੋਂ ਆਏ ਪ੍ਰਵਾਸੀ ਭਾਰਤੀ ਡੈਲੀਗੇਟਾਂ ਨਾਲ ਮਿਲੇ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਅਤੇ ਪ੍ਰਗਤੀ ਲਈ ਉਪਲੱਭਧ ਵੱਡੇ ਮੌਕਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇਸ਼ ਦੇ ਉੱਘੇ ਸਨਅਤਕਾਰਾਂ ਨਾਲ ਵਿਚਾਰ ਵਟਾਂਦੇ ਉਪਰੰਤ ਤਿਆਰ ਕੀਤੀ ਗਈ ਸਨਅਤੀ ਪ੍ਰੋਤਸ਼ਾਹਨ ਨੀਤੀ ਅਤੇ ਸਨਅਤੀ ਨੀਤੀ ਛੇਤੀ ਹੀ ਨੋਟੀਫਾਈ ਕਰ ਰਹੀ ਹੈ। ਉਨ੍ਹਾਂ ਪ੍ਰਵਾਸੀ ਭਾਰਤੀ ਡੈਲੀਗੇਟਾਂ ਨੂੰ ਦੱਸਿਆ ਕਿ ਪੰਜਾਬ ਵਿਚ ਨਵੇਂ ਚੰਡੀਗੜ੍ਹ ਵਿਖੇ ਮੈਡੀ-ਸਿਟੀ ਅਤੇ ਐਜੂ-ਸਿਟੀ ਤੋਂ ਇਲਾਵਾ ਰਾਜ ਦੀ ਮਾਲਵਾ ਪੱਟੀ ਵਿਚ ਇਕ ਟੈਕਸਟਾਈਲ ਹੱਬ ਵੀ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਨੇੜੇ ਸੂਚਨਾ ਤਕਨਾਲੋਜੀ ਸਿਟੀ ਨੂੰ ਵਿਕਸਤ ਕਰਨ ਲਈ ਜ਼ਮੀਨ ਪਹਿਲਾਂ ਹੀ ਹਾਸਿਲ ਕਰ ਲਈ ਹੈ ਅਤੇ ਨਾਮਵਾਰ ਆਈ.ਟੀ ਕੰਪਨੀਆਂ ਜਿਨ੍ਹਾਂ ਵਿਚ ਹਾਰਡਵੇਅਰ ਨਾਲ ਸਬੰਧਤ ਕੰਪਨੀਆਂ ਵੀ ਸ਼ਾਮਲ ਹਨ ਇਥੇ ਆਪੋ ਆਪਣੇ ਯੂਨਿਟ ਸਥਾਪਤ ਕਰਨ ਲਈ ਵੱਡੀ ਉਤਸੁਕਤਾ ਦਿਖਾ ਰਹੀਆਂ ਹਨ।

ਆਓ-ਭਗਤ ਅਤੇ ਰੀਐਲਟੀ ਖੇਤਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਡੀਆਂ ਰਿਆਇਤਾਂ ਦਾ ਵੇਰਵਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਨਵੀਂ ਸਨਅਤੀ ਨੀਤੀ ਵਿਚ ਰੀਐਲਟੀ, ਆਓ-ਭਗਤ ਅਤੇ ਸਿਹਤ ਖੇਤਰਾਂ ਨੂੰ ਸਨਅਤ ਦਾ ਦਰਜ਼ਾ ਦਿੱਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਰਾਜ ਅੰਦਰ 108 ਐਂਬੁਲੈਂਸ ਸੇਵਾ ਦੀ ਵੱਡੀ ਸਫਲਤਾ ਉਪਰੰਤ ਪੰਜਾਬ ਸਰਕਾਰ ਨੇ ਰਾਜ ਦੇ 17 ਲੱਖ ਗਰੀਬ ਪਰਿਵਾਰਾਂ ਲਈ ਮੈਡੀਕਲ ਬੀਮਾ ਯੋਜਨਾ ਨੂੰ ਉਤਸ਼ਾਹਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਕੋਈ ਹਸਪਤਾਲ ਚੇਨ ਪੇਂਡੂ ਖੇਤਰਾਂ ਵਿਚ ਸਿਹਤ ਕੇਂਦਰਾਂ ਦੀ ਵਿਵਸਥਾ ਨਾਲ ਇਸ ਸਕੀਮ ਤੋਂ ਵੱਡਾ ਫਾਇਦਾ ਉਠਾ ਸਕਦੀ ਹੈ।

ਇਸ ਤੋਂ ਪਹਿਲਾਂ ਸ. ਬਾਦਲ ਨੇ ਮੋਰੀਸ਼ੀਅਸ ਦੇ ਰਾਸ਼ਟਰਪਤੀ ਸ਼੍ਰੀ ਰਾਕੇਸ਼ਵਰ ਪੁਰਿਆਗ, ਕੇਰਲਾ ਦੇ ਮੁੱਖ ਮੰਤਰੀ ਸ਼੍ਰੀ ਉਮੈਨ ਚੈਂਡੀ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਕਮਲ ਨਾਥ, ਕੇਂਦਰੀ ਓਵਰਸੀਜ਼ ਇੰਡੀਅਨ ਅਫੇਅਰਜ਼ ਮੰਤਰੀ ਸ਼੍ਰੀ ਵਾਇਲਰ ਰਵੀ, ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਰਾਜ ਮੰਤਰੀ ਸ਼੍ਰੀ ਸਸ਼ੀ ਥਰੂਰ, ਭਾਰਤੀ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਸ਼੍ਰੀ ਮੋਨਟੇਕ ਸਿੰਘ ਆਹਲੂਵਾਲੀਆ, ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀ ਈ. ਅਹਿਮੱਦ ਅਤੇ ਕਨੇਡਾ ਤੋਂ ਆਏ ਕਈ ਮੰਤਰੀ ਸਾਹਿਬਾਨ ਨਾਲ ਵੀ ਮੁਲਾਕਾਤ ਕੀਤੀ।

ਕੱਲ੍ਹ ਪ੍ਰਵਾਸੀ ਭਾਰਤੀ ਸੰਮੇਲਨ ਦੇ ਆਖਰੀ ਦਿਨ ਪੰਜਾਬ ਸਮੇਤ 6 ਰਾਜਾਂ ਦੇ ਵਿਸੇਸ਼ ਸੈਸ਼ਨ ਹੋਣਗੇ ਜਿਨ੍ਹਾਂ ਵਿਚ ਹਰ ਰਾਜ ਸਰਕਾਰ ਵਲੋਂ ਭਾਰਤੀ ਭਾਈਚਾਰੇ ਤੋਂ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਆਪੋ ਆਪਣੀਆਂ ਸਰਕਾਰਾਂ ਦੀਆਂ ਨੀਤੀਆਂ ਸਬੰਧੀ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।

Comments are closed.