Daily Aashiana
Punjabi Newspaper Online

ਇਸ਼ਕ ਹਕੀਕੀ ਕੇਵਲ ਪੂਰਬੀ ਚਿੰਤਨ ਪਾਸ ਪੱਛਮੀ ਚਿੰਤਨ ਇਸ਼ਕ ਮਜਾਜੀ ਤਕ ਸੀਮਤ – ਡਾ ਤੇਜਵੰਤ ਮਾਨ

24

ਸ਼ਾਇਰ ਅੰਮ੍ਰਿਤ ਅਜ਼ੀਜ ਦੀ ਪੁਸਤਕ ‘ਤੇਰੇ ਬਿਨਾਂ` ਉਤੇ ਵਿਚਾਰ ਚਰਚਾ

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਅੰਮ੍ਰਿਤ ਅਜੀਜ਼ ਦੀ ਸ਼ਾਇਰੀ ਅਤੇ ਸੂਫੀਆਨਾ ਗਾਇਕੀ ਦੇ ਸੰਬੰਧ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦੇ ਸਮਾਜਕ ਉਸਾਰ ਬਾਰੇ ਬੜੀ ਵਿਸਤਰਿਤ ਚਰਚਾ ਕਲਾਸਿਕ ਹੋਟਲ ਸੰਗਰੂਰ ਵਿਖੇ ਹੋਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਹਰਪਾਲ ਸਿੰਘ ਚੀਮਾਂ ਐਮ.ਐਲ.ਏ. ਦਿੜ੍ਹਬਾ ਅਤੇ ਡਾ. ਸਿਮਰਜੀਤ ਸਿੰਘ ਕੰਗ, ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਨ। ਡਾ: ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲਖਕ ਸਭਾ (ਸੇਖੋਂ) ਰਜਿ: ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਸ਼ਵਰਾਜ ਸਿੰਘ ਪ੍ਰਸਿੱਧ ਵਿਸ਼ਵ ਚਿੰਤਕ, ਡਾ: ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਸ਼ਾਇਰ ਅੰਮ੍ਰਿਤ ਅਜੀਜ਼, ਡਾ: ਨਰਵਿੰਦਰ ਕੌਸ਼ਲ, ਕੈਲਾਸ਼ ਅਮਲੋਹੀ ਸ਼ਾਮਲ ਸਨ।

ਸਮਾਗਮ ਦਾ ਆਰੰਭ ਅੰਮ੍ਰਿਤ ਅਜ਼ੀਜ਼ ਦੁਆਰਾ ਸੂਫੀ ਕਲਾਮ ਦੀ ਗਾਇਕੀ ਨਾਲ ਹੋਇਆ। ਅੰਮ੍ਰਿਤ ਅਜੀਜ਼ ਨੇ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਦੀਆਂ ਸੂਫੀ ਰਚਨਾਵਾਂ ਦੇ ਨਾਲ ਆਪਣੇ ਸੂੀ ਕਲਾਮ ਦਾ ਗਾਇਨ ਕੀਤਾ। ਇਸ ਮੌਕੇ ਤੇ ਕਿਰਨਪਾਲ ਗਾਗਾ, ਪਵਿੱਤਰ ਕੌਰ ਗਰੇਵਾਲ, ਸ਼੍ਰੀਮਤੀ ਬਬੀਤਾ ਨੇ ਆਪਣੇ ਰੰਗ ਵਿੱਚ ਸੂਫੀਆਨਾ ਕਲਾਮ ਪੇਸ਼ ਕੀਤਾ।

ਉਪਰੰਤ ਅੰਮ੍ਰਿਤ ਅਜੀਜ਼ ਦੀ ਪੁਸਤਕ ‘ਤੇਰੇ ਬਿਨ੍ਹਾਂ` ਉਤੇ ਡਾ: ਭੂਪਿੰਦਰ ਕੌਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਦਵਿੰਦਰ ਕੌਰ ਨੇ ਆਪਣੇ ਮੁਲੰਕਣੀ ਖੋਜ ਪੱਤਰ ਪੜ੍ਹੇ। ਪ੍ਰੋ. ਜਗਧੀਰ ਸਿੰਘ ਅਤੇ ਪ੍ਰੋ. ਕੁਲਜੀਤ ਕੌਰ ਦੇ ਪੇਪਰ ਉਨ੍ਹਾਂ ਦੀ ਗੈਰ-ਹਾਜਰੀ ਵਿੱਚ ਪੇਸ਼ ਕੀਤੇ ਗਏ। ਡਾ: ਭੂਪਿੰਦਰ ਕੌਰ ਦਾ ਮਤ ਸੀ ਕਿ ਅੰਮ੍ਰਿਤ ਪਾਲ ਦੀ ਸ਼ਾਇਰੀ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦਾ ਬਾਖੂਬੀ ਸਫ਼ਰ ਕਰਦੀ ਹੈ। ਡਾ: ਦਵਿੰਦਰ ਕੌਰ ਦੇ ਵਿਚਾਰ ਵਿਚ ਅੰਮ੍ਰਿਤ ਅਜੀਜ ਦੀ ਸ਼ਾਇਰੀ ਲੋਕ-ਭਾਵਨਾਵਾਂ ਨਾਲ ਜੁੜੀ ਸ਼ਾਇਰੀ ਹੈ। ਪੇਪਰਾਂ ਉਤੇ ਬਹਿਸ ਦਾ ਆਰੰਭ ਕਰਦਿਆਂ ਡਾ: ਅਰਵਿੰਦਰ ਕੌਰ ਕਾਕੜਾ ਦਾ ਕਹਿਣਾ ਸੀ ਕਿ ਸੂਫੀਅ, ਗੁਰੂਆਂ, ਭਗਤਾਂ ਦੁਆਰਾ ਰਚੀ ਬਾਣੀ ਨੇ ਆਤਮਾ ਦੀ ਸ਼ੁੱਧੀ ਲਈ ਲੋਕ-ਹਿਤੂ ਯਤਨ ਕੀੇ ਪਰ ਅਜੋਕੇ ਸਮੇਂ ਵਿੱਚ ਪਨਪ ਰਹੇ ਡੇਰਾਵਾਦ ਨੇ ਇਨਾਂ ਯਤਨਾਂ ਨੂੰ ਤਾਰਪੀਡੋ ਕੀਤਾ ਹੈ। ਇਸ ਸਥਿਤੀ ਬਾਰੇ ਸਾਡੇ ਸ਼ਾਇਰ ਅੰਮ੍ਰਿਤ ਅਜੀਜ਼ ਅਤੇ ਹਾਜਰ ਸਾਹਿਤਕਾਰਾਂ ਨੂੰ ਗੰਭੀਰਤਾਂ ਨਾਲ ਵਿਚਾਰਨਾ ਚਾਹੀਦਾ ਹੈ। ਬਹਿਸ ਨੂੰ ਅੱਗੇ ਤੋਰਦਿਆਂ, ਡਾ: ਨਰਵਿੰਦਰ ਕੌਸ਼ਲ, ਡਾ. ਇਕਬਾਲ ਸਿੰਘ, ਡਾ. ਰਾਜ ਕੁਮਾਰ ਗਰਗ, ਪਵਨ ਹਰਚੰਦਪੁਰੀ, ਕਰਤਾਰ ਠੁੱਲੀਵਾਲ, ਅਮਰੀਕ ਗਾਗਾ, ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਕੈਲਾਸ਼ ਅਮਲੋਹੀ, ਡਾ: ਸੁਖਵਿੰਦਰ ਸਿੰਘ ਪਰਮਾਰ, ਅਮਰ ਗਰਗ ਕਲਮਦਾਨ, ਸਤਿੰਦਰ ਕੁਮਾਰ ਫੱਤਾ, ਜਗਦੀਪ ਸਿੰਘ ਐਡਵੋਕੇਟ, ਜਗਮੇਲ ਸਿੰਘ ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਪ੍ਰਧਾਨਗੀ ਮੰਡਲ ਵਿੱਚੋਂ ਅੰਮ੍ਰਿਤ ਅਜੀਜ਼ ਦੀ ਸ਼ਾਇਰੀ ਬਾਰੇ ਬੋਲਦਿਆਂ ਡਾ: ਭਗਵੰਤ ਸਿੰਘ ਨੇ ਵਿਸ਼ਵ-ਤਣਾਓ ਦੇ ਸਮੇਂ ਵਿੱਚ ‘ਤੇਰੇ ਬਿਨਾਂ` ਪੁਸਤਕ ਵਿਚਲੀ ਸਹਿਜ ਅਤੇ ਤਣਾਓ-ਰਹਿਤ ਸ਼ਾਇਰੀ ਦੀ ਲੋੜ ਹੈ। ਡਾ: ਸਿਮਰਜੀਤ ਸਿੰਘ ਕੰਗ ਨੇ ਕਿਹਾ ਕਿ ਅਜੋਕੇ ਆਤਮਕ ਸੰਕਟ ਤੋਂ ਮੁਕਤੀ ਦਾ ਰਾਹ ਸਾਡੀ ਵਿਰਾਸਤੀ ਸ਼ਬਦ-ਬਾਣੀ ਨਾਲ ਜੁੜਨ ਨਾਲ ਹੀ ਲੱਭ ਸਕਦਾ ਹੈ। ਅੰਮ੍ਰਿਤ ਅਜੀਜ਼ ਦਾ ਕਾਵਿ ਇਸ ਪਾਸੇ ਅਗਰਸਰ ਹੈ। ਡਾ: ਸ਼ਵਰਾਜ ਸਿੰਘ ਨੇ ਸਪਸ਼ਟ ਕੀਤਾ ਕਿ ਅੱਜ ਮਨੁੱਖ ਨੂੰ ਸ਼ਬਦ ਨਾਲੋਂ ਤੋੜਕੇ ਅੰਕੜੇ ਨਾਲ ਜੋੜਨ ਦੀਆਂ ਪੱਛਮੀ ਚਿੰਤਕਾਂ ਵੱਲੋਂ ਅਥਾਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ । ਮਾਨਵਤਾ ਨੂੰ ਕਾਇਮ ਰੱਖਣ ਲਈ ਸ਼ਬਦ ਨੂੰ ਸੰਭਾਲਣ ਦੀ ਲੋਡ ਹੈ। ਕਿਸੇ ਕੌਮ ਦੀ ਵਿਰਾਸਤੀ ਧਰੋਹਰ ਸ਼ਬਦ ਰੂਪੀ ਬਾਣੀ ਹੈ। ਅੰਮ੍ਰਿਤ ਅਜੀਜ਼ ਜਦੋਂ ਸ਼ਬਦ ਦੀ ਸੰਭਾਲ ਕਰਦਾ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਮਾਨਵਤਾ ਦੀ ਸੰਭਾਲ ਕਰ ਰਿਹਾ ਹੈ। ਡਾ: ਤੇਜਵੰਤ ਮਾਨ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਸੂਫੀ-ਕਾਵਿ ਦੀ ਫਕੀਰਆਨਾ ਰਮਜ਼ ਕਰਤਾਰੀ-ਸ਼ਕਤੀ ਨੂੰ ਡਰਾਉਣੇ ਮਾਲਕ ਵਜੋਂ ਰੱਦ ਕਰਕੇ ਕੰਤ ਅਤੇ ਯਾਰ ਦੇ ਰੂਪ ਵਿੱਚ ਪ੍ਰਵਾਨ ਕਰਦੀ ਹੈ। ਸਮੁੱਚਾ ਬੋਧੀ, ਜੈਨੀ, ਭਗਤੀ, ਸੂਫੀ, ਗੁਰਮਤਿ ਕਾਵਿਤ ਸੰਗਤੀ ਮੇਲ ਦੀ ਸਾਪੇਖਤਾ ਨੂੰ ਮਾਨਤਾ ਦਿੰਦਾ ਹੈ ਨਾ ਕਿ ਇਸ਼ਕ ਮਜਾਜ਼ੀ ਦੇ ਪਦਾਰਥਕ ਸੁਖਾਂ ਦੀ ਨਿਰਲੇਪਤਾ ਨੂੰ। ਪੱਛਮੀ ਚਿੰਤਕ ਦਾ ਇਸ਼ਕ ਮਜ਼ਾਜ਼ੀ ਦਾ ਏਕਾਅਧਿਕਾਰ ਸਿਰਫ ਪਦਾਰਥਕ ਪੈਦਾਵਾਰ ਤੱਕ ਸੀਮਤ ਹੈ। ਉਨ੍ਹਾਂ ਸਿਧਾਂਤ ਘਾੜਿਆਂ ਪਾਸ ਇਸ਼ਕ ਹਕੀਕੀ ਦਾ ਕੋਈ ਸੰਕਲਪ ਹੈ ਹੀ ਨਹੀਂ। ਪੂਰਬੀ ਚਿੰਤਨ ਵਿਚ ਇਸ਼ਕ ਮਜਾਜ਼ੀ ਦੀ ਨਿਰਲੇਪ ਹੋਂਦ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਗਈ, ਸਗੋਂ ਉਸਦੀ ਮਾਨਵੀ ਸਾਪੇਖਤਾ ਨੂੰ ਪਹਿਚਾਣਦਿਆਂ ‘ਇਸ਼ਕ ਹਕੀਕੀ` ਨੂੰ ਕੇਂਦਰ ਵਿੱਚ ਰੱਖਿਆ ਹੈ। ਇਸ ਮੌਕੇ ਤੇ ਐਡਵੋਕੇਟ ਹਰਪਾਲ ਸਿੰਘ ਚੀਮਾਂ ਐਮ.ਐਲ.ਏ. ਦਿੜਬਾ ਨੇ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਇਸ ਸੈਮੀਨਾਰ ਦੀ ਪ੍ਰਸ਼ੰਸਾ ਕਰਦਿਆਂ ਸਭਾ ਦੇ ਦਫ਼ਤਰ ਲਈ ਥਾਂ ਲੈਣ ਲਈ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਦੇ ਸਹਾਇਤਾ ਕੋਟੇ ਵਿੱਚੋਂ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਸਮਾਗਮ ਵਿਚ ਇੱਕ ਵਿਸ਼ਾਲ ਸੂਫੀ ਰੰਗ ਵਿਚ ਰੰਗਿਆ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਡਾ. ਬਚਨ ਝਨੇੜੀ, ਜੀਤ ਹਰਜੀਤ, ਕਰਤਾਰ ਠੁੁੱਲੀਵਾਲ, ਸੁਰਿੰਦਰ ਰਾਜਪੂਤ, ਕੁਲਵੰਤ ਕਸਕ, ਜੋਗਿੰਦਰ ਪਰਵਾਨਾ, ਸਤਿੰਦਰ ਫੱਤਾ, ਜੰਗੀਰ ਸਿੰਘ ਰਤਨ, ਕੈਲਾਸ਼ ਅਮਲੋਹੀ, ਪੁਸ਼ਪਿੰਦਰ ਰਾਣਾ, ਹਰਜਿੰਦਰ ਸਿੰਘ ਪੰਦਹੋਲ, ਰਾਜਿੰਦਰਜੀਤ ਕਾਲਾਬੂਲਾ, ਭੁਪਿੰਦਰ ਉਪਰਾਮ, ਮਨਪ੍ਰੀਤ ਸਿੰਘ, ਕਿਰਨਪਾਲ, ਚਰਨਜੀਤ ਕੌਰ, ਸ਼੍ਰੀਮਤੀ ਬਬੀਤਾ, ਅਜਮੇਰ ਸਿੰਘ, ਬਾਬਰ ਸਿੰਘ ਸਿੱਧੂ, ਗੁਰਿੰਦਰਜੀਤ ਖਹਿਰਾ, ਪਨਵੀਰ ਸਿੰਘ, ਰਾਜਿੰਦਰ ਸਿੰਗਲਾ, ਦੇਸ਼ ਭੂਸ਼ਨ, ਬਲਜਿੰਦਰ ਈਲਵਾਲ, ਚਰਨ ਸਿੰਘ ਬੰਬੀਹਾ ਆਦਿ ਕਵੀਆਂ ਨੇ ਭਾਗ ਲਿਆ। ਇਸ ਮੌਕੇ ਭਾਰਤ ਭੂਸ਼ਣ ਸੁਰਜੀਤ ਸਿੰਘ ਢੀਂਡਸਾ, ਜਗਮੇਲ ਸਿੰਘ ਆਦਿ ਅਨੇਕਾਂ ਸਾਹਿਤਕਾਰ ਹਾਜ਼ਰ ਸਨ।

ਇਸ ਮੌਕੇ ਤੇ ਸਭਾ ਵੱਲੋ਼ ਐਡਵੋਕੇਟ ਹਰਪਾਲ ਸਿੰਘ ਚੀਮਾ ਐਮ.ਐਲ.ਏ., ਡਾ: ਸਵਰਾਜ ਸਿੰਘ, ਡਾ: ਸਿਮਰਜੀਤ ਸਿੰਘ ਕੰਗ, ਅੰਮ੍ਰਿਤ ਅਜ਼ੀਜ਼ ਦਾ ਸਨਮਾਨ ਕੀਤਾ ਗਿਆ। ਸ. ਜਗਦੀਪ ਸਿੰਘ ਨੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ। ਸਟੇਜ ਦੀ ਜਿੰਮੇਵਾਰੀ ਸ. ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਨੇ ਬਾਖੂਬੀ ਨਿਭਾਈ । ਜਸਵੰਤ ਸਿੰਘ ਸੰਘੇੜਾ ਦੀ ਪੁਸਤਕ ਪ੍ਰਦਰਸ਼ਨੀ ਨੇ ਸਾਹਿਤਕਾਰਾਂ ਨੂੰ ਆਕਰਸ਼ਤ ਕੀਤਾ।

Loading...

Comments are closed, but trackbacks and pingbacks are open.