Daily Aashiana
Punjabi Newspaper Online

ਬ੍ਰਿਸਬੇਨ ਵਿਚ ਹੋਇਆ ਤ੍ਰੈ-ਭਾਸ਼ਾਈ ਕਵੀ ਦਰਬਾਰ ਅਤੇ ਸੁਖਵਿੰਦਰ ਕੰਬੋਜ ਦੀ ਕਿਤਾਬ “ਜੰਗ, ਜਸ਼ਨ ਅਤੇ ਜੁਗਨੂੰ ਦਾ ਵਿਮੋਚਨ

172

ਬ੍ਰਿਸਬੇਨ (ਤੇਜਿੰਦਰ ਭੰਗੂ) ਬ੍ਰਿਸਬੇਨ ਦੀ ਸਰਗਰਮ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਅਤੇ ਸੱਤਿਆ ਪਰੇਮਾ ਚੈਰੀਟੇਬਲ ਟਰੱਸਟ ਵੱਲੋਂ ਸੰਯੁਕਤ ਰੂਪ ਵਿਚ ਸੰਨੀ ਬੈਂਕ ਕਮਿਊਨਿਟੀ ਹਾਲ ਵਿਚ ਇਕ ਸ਼ਾਨਦਾਰ ਪ੍ਰਵਾਸੀ ਕਵੀ ਸੰਮੇਲਨ ਕਰਵਾਇਆ ਗਿਆ । ਇਸ ਸਮਾਗਮ ਦੀ ਰੂਪ-ਰੇਖਾ ਪ੍ਰਸਿੱਧ ਲੇਖਿਕਾ ਅਤੇ ਸਮਾਜ ਸੇਵਕਾ ਸ੍ਰੀਮਤੀ ਸੋਮਾ ਨਾਇਰ ਵੱਲੋਂ ਕੀਤੀ ਗਈ । ਪ੍ਰਧਾਨਗੀ ਮੰਡਲ ਵਿਚ ਉੱਘੇ ਕਾਰੋਬਾਰੀ ਸ੍ਰੀ ਸੰਸਾਰ ਚੰਦ ਜੀ, ਇੰਡੋਜ਼ ਦੇ ਪ੍ਰਧਾਨ ਜਰਨੈਲ ਬਾਸੀ ਅਤੇ ਮਨਜੀਤ ਬੋਪਾਰਾਏ ਜੀ ਸ਼ਾਮਿਲ ਸਨ । ਪ੍ਰੋਗਰਾਮ ਦੀ ਸ਼ੁਰੂਆਤ ਨੀਰਜ ਪੋਪਲੀ ਨੇ ਕੀਤੀ, ਇਸ ਉਪਰੰਤ ਸ੍ਰੀਮਤੀ ਮਧੂ ਖੰਨਾ, ਪ੍ਰਗਟ ਸਿੰਘ ਰੰਧਾਵਾ, ਵਿਨੋਦ ਕੁਮਾਰ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ । ਜਦੋਂ ਸੁਰਜੀਤ ਸੰਧੂ ਨੇ ਮਨਮੀਤ ਅਲੀਸ਼ੇਰ ਨੂੰ ਸਮਰਪਿਤ ਗੀਤ “ਜਦੋਂ ਤੱਕ ਜ਼ਿੰਦਗੀ ਹੈ, ਮਨਮੀਤ ਯਾਦ ਰਹੂਗਾ” ਗਾਇਆ ਤਾਂ ਉਸਨੇ ਆਪਣੀ ਪਿਆਰੀ ਅਵਾਜ਼ ਤੇ ਦਿਲਚੀਰਵੇਂ ਸ਼ਬਦਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ ।

ਜ਼ਿਕਰਯੋਗ ਹੈ ਕਿ ਇੰਡੀਆ ਤੋਂ ਮਨਮੀਤ ਦੇ ਪਰਿਵਾਰ ਨੇ ਇੰਡੋਜ਼ ਪੰਜਾਬੀ ਸਾਹਿਤ ਸਭਾ ਦੇ ਮਨਮੀਤ ਪ੍ਰਤੀ ਯਾਦ-ਕਾਰਜਾਂ ਦੀ ਸਰਾਹਨਾ ਕਰਦੇ ਹੋਏ 500 ਡਾਲਰ ਦੀ ਰਾਸ਼ੀ ਮਨਮੋਹਨ ਰੰਧਾਵਾ ਜੀ ਰਾਹੀਂ ਭੇਜੀ । ਕਾਵਿ ਸੰਮੇਲਨ ਦੇ ਦੂਸਰੇ ਦੌਰ ਵਿਚ ਜਿਥੇ ਪਾਲ ਰਾਊਕੇ ਨੇ ਆਪਣੀ ਰਸਭਿੰਨੀ ਅਵਾਜ਼ ਵਿਚ ਨਗਮਾ ਗਾਇਆ, ਉਥੇ ਕਵਿਤਾ ਖੁੱਲਰ ਨੇ ਭਾਰਤ ਬਾਰੇ, ਬ੍ਰਿਜੇਸ਼ ਪਾਂਡੇ ਨੇ ਮਾਤਾ-ਪਿਤਾ ਬਾਰੇ, ਹਰਮਨਦੀਪ ਗਿੱਲ ਨੇ ਭਗਤ ਸਿੰਘ ਬਾਰੇ ਅਤੇ ਰੁਪਿੰਦਰ ਸੋਜ਼ ਨੇ ਬਹੁਤ ਖੂਬਸੂਰਤ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ ।

ਸਮਾਗਮ ਦੇ ਸ਼ਿਖਰ ਤੇ ਅਮਰੀਕਾ ਵੱਸਦੇ ਸ਼ਾਇਰ ਸੁਖਵਿੰਦਰ ਕੰਬੋਜ਼ ਦੀ ਕਿਤਾਬ “ਜੰਗ, ਜਸ਼ਨ ਤੇ ਜੁਗਨੂੰ” ਲੋਕ ਅਰਪਿਤ ਕੀਤੀ ਗਈ । ਕਾਵਿ ਸੰਮੇਲਨ ਦੇ ਅੰਤਿਮ ਦੌਰ ਵਿਚ ਸਰਬਜੀਤ ਸੋਹੀ ਨੇ ਹਿੰਦੀ ਅਤੇ ਪੰਜਾਬੀ ਵਿਚ ਆਪਣੀ ਕਵਿਤਾ ਬੋਲ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ । ਇਸ ਉਪਰੰਤ ਆਤਮਾ ਸਿੰਘ ਹੇਅਰ ਦੇ ਗੀਤ ਨੇ ਸਮੁੱਚੇ ਹਾਲ ਨੂੰ ਮੰਤਰ-ਮੁਗਧ ਕਰ ਦਿੱਤਾ । ਇੰਡੋਜ਼ ਲਿਟਰੇਰੀ ਫ਼ੌਰਮ ਵੱਲੋਂ ਹਰਮਨਦੀਪ ਗਿੱਲ ਵੱਲੋਂ ਕਿਤਾਬਾਂ ਦਾ ਸਟਾਲ ਲਗਾਇਆ ਗਿਆ । ਇਸ ਸਮਾਗਮ ਵਿਚ 120 ਦੇ ਕਰੀਬ ਸਰੋਤਿਆਂ, ਕਵੀਆਂ ਅਤੇ ਕਵਿੱਤਰੀਆਂ ਨੇ ਭਾਗ ਲਿਆ । ਆਏ ਹੋਏ ਸਰੋਤਿਆਂ ਲਈ ਸੱਤਿਆ ਪਰੇਮਾ ਟਰੱਸਟ ਬ੍ਰਿਸਬੇਨ ਅਤੇ ਜੱਟ ਫਲੇਵਾ ਰੈਸਟੋਂਰੈਂਟ ਸਤਵਿੰਦਰ ਟੀਨੂੰ ਜੀ ਵੱਲੋਂ ਸਨੈਕਜ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ।

Loading...

Comments are closed, but trackbacks and pingbacks are open.