Daily Aashiana
Punjabi Newspaper Online

ਸ਼ਹਿਰ ਲੁਧਿਆਣਾ ਵਿੱਚ ਮੂੰਹ ‘ਤੇ ਕੱਪੜਾ ਬੰਨ ਕੇ ਡਰਾਈਵ ਕਰਨ ਅਤੇ ਪੈਦਲ ਚੱਲਣ ‘ਤੇ ਪਾਬੰਦੀ

ਗੱਡੀਆਂ ਉੱਤੇ ਅਣਅਧਿਕਾਰਤ ਲੋਗੋ ਵੀ ਨਹੀਂ ਲਗਾਏ ਜਾ ਸਕਣਗੇ

39

ਲੁਧਿਆਣਾ – ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਖੇਤਰ ਵਿੱਚ ਵਾਹਨ ਚਾਲਕਾਂ ਵੱਲੋਂ ਮੂੰਹ ‘ਤੇ ਕੱਪੜਾ ਬੰਨ ਕੇ ਡਰਾਈਵ ਕਰਨ ਅਤੇ ਪੈਦਲ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਜਾਰੀ ਪਾਬੰਦੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਕੁਝ ਰਾਹਗੀਰ ਵਾਹਨ ਚਲਾਉਂਦੇ ਸਮੇਂ ਜਾਂ ਪੈਦਲ ਚੱਲਦੇ ਸਮੇਂ ਆਪਣਾ ਮੂੰਹ ਢੱਕ ਲੈਂਦੇ ਹਨ। ਜਿਸ ਨਾਲ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚਿਹਰਾ ਢੱਕਣ ਨਾਲ ਸਮਾਜ ਵਿਰੋਧੀ ਅਨਸਰ ਕਿਸੇ ਵੀ ਸੰਗੀਨ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੁਲਿਸ ਦੀ ਪਕੜ ਤੋਂ ਬਚ ਸਕਦੇ ਹਨ। ਇਸ ਲਈ ਆਮ ਲੋਕਾਂ ਦੇ ਹਿੱਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਨੇ ਕਿਸੇ ਬਿਮਾਰੀ ਜਾਂ ਐਲਰਜੀ ਦੀ ਵਜ੍ਹਾ ਕਾਰਨ ਮੈਡੀਕਲ ਸੁਪਰਵੀਜ਼ਨ ਦੇ ਹੇਠਾਂ ਮਾਸਕ ਜਾਂ ਕੋਈ ਹੋਰ ਚੀਜ਼ ਪਹਿਨੀ ਹੋਵੇਗੀ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।

ਇਸ ਤੋਂ ਇਲਾਵਾ ਇੱਕ ਹੋਰ ਹੁਕਮ ਰਾਹੀਂ ਉਨ੍ਹਾਂ ਪ੍ਰਾਈਵੇਟ ਵਾਹਨਾਂ ਉੱਪਰ ਅਣਅਧਿਕਾਰਤ ਤੌਰ ‘ਤੇ ਪੁਲਿਸ, ਆਰਮੀ, ਵੀ. ਆਈ. ਪੀ., ਆਨ ਗੌਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਦੇ ਲੋਗੋ ਲਗਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸ੍ਰੀ ਢੋਕੇ ਨੇ ਕਿਹਾ ਕਿ ਇਸ ਤਰ੍ਹਾਂ ਅਣਅਧਿਕਾਰਤ ਵਿਅਕਤੀ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਭੁਲੇਖਾ ਪਾਊ ਤਰੀਕੇ ਨਾਲ ਲਿਖੇ ਸ਼ਬਦਾਂ ਦੀ ਦੁਰਵਰਤੋਂ ਕਰਕੇ ਸਮਾਜ ਅਤੇ ਦੇਸ਼ ਵਿਰੋਧੀ ਅਨਸਰ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਪੁਲਿਸ, ਆਰਮੀ ਜਾਂ ਹੋਰ ਸਰਕਾਰੀ ਸੁਰੱਖਿਆ ਵਿਭਾਗ ਨਾਲ ਮੇਲ ਖਾਂਦਾ ਲੋਗੋ ਅਣਅਧਿਕਾਰਤ ਤੌਰ ‘ਤੇ ਲਗਾਉਣਾ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੇ ਵਿਰੁਧ ਅਤੇ ਗੈਰਕਾਨੂੰਨੀ ਹੈ।

Loading...

Comments are closed, but trackbacks and pingbacks are open.