Daily Aashiana
Punjabi Newspaper Online

ਮੁੱਖ ਮੰਤਰੀ ਸੂਬੇ ਦੇ ਵਿਕਾਸ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਵਚਨਬੱਧ-ਪਰਨੀਤ ਕੌਰ

ਪਰਨੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਦਾ ਸੱਦਾ

208

ਪਟਿਆਲਾ, 13 ਸਤੰਬਰ – ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਸਟੇਟ ਰੈਡ ਕਰਾਸ ਦੇ ਮੀਤ ਪ੍ਰਧਾਨ ਸ਼੍ਰੀਮਤੀ ਪਰਨੀਤ ਕੌਰ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇੱਕ ਚੰਗੇ ਨਾਗਰਿਕ ਬਣ ਕੇ ਦੇਸ਼, ਸੂਬੇ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਦਿਲ ਤੇ ਦਿਮਾਗ ਨਾਲ ਪੜ੍ਹਾਈ ਕਰਨ। ਸ਼੍ਰੀਮਤੀ ਪਰਨੀਤ ਕੌਰ ਅੱਜ ਅਬਲੋਵਾਲ ਦੇ ਐਲੀਮੈਂਟਰੀ ਸਕੂਲ ਵਿਖੇ ਸਟੇਟ ਰੈਡ ਕਰਾਸ ਦੇ ਪਟਿਆਲਾ ਸਥਿਤ ਸਕੇਤ ਯੂਨਿਟ ਵੱਲੋਂ ਸਕੂਲੀ ਬੱਚਿਆਂ ਨੂੰ ਵਰਦੀਆਂ ਤੇ ਜੁੱਤੇ ਵੰਡਣ ਪੁੱਜੇ ਸਨ।

ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਉਹਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਹੀ ਦੇਸ਼ ਦਾ ਇੱਕ ਚੰਗਾ ਨਾਗਰਿਕ ਬਣਾਇਆ ਜਾ ਸਕਦਾ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਮਿਹਨਤ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਤੋਂ ਵੀ ਵੱਡੇ ਕਾਰੋਬਾਰ ਜਾਂ ਅਹੁਦਿਆਂ ’ਤੇ ਪੁੱਜਣ। ਉਹਨਾਂ ਅਧਿਆਪਕਾਂ ਨੂੰ ਵੀ ਕਿਹਾ ਕਿ ਉਹ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਿਆਰੀ ਵਿਦਿਆ ਪ੍ਰਦਾਨ ਕਰਨ।

ਇਸ ਮੌਕੇ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੰਗਲੈਂਡ ਦੌਰੇ ਸਬੰਧੀ ਪੰਜਾਬ ਦੇ ਵਿਕਾਸ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਵਿਕਾਸ ਤੇ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਵਚਨਵੱਧ ਹਨ ਅਤੇ ਉਹ ਪ੍ਰੈਕਟੀਕਲ ਤੌਰ ’ਤੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਇੰਗਲੈਂਡ ਵਿਖੇ ਉਘੇ ਉਦਯੋਗਪਤੀ ਸ਼੍ਰੀ ਲਕਸ਼ਮੀ ਮਿੱਤਲ ਅਤੇ ਪ੍ਰਵਾਸੀ ਭਾਰਤੀਆਂ ਨੂੰ ਵੀ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ ਹੈ।

ਪੱਤਰਕਾਰਾਂ ਵੱਲੋਂ ਅੰਸ਼ੁਲ ਛੱਤਰਪਤੀ ਵੱਲੋਂ ਲਗਾਏ ਦੋਸ਼ਾਂ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਾਨੂੰਨ ਸਭ ਤੋਂ ਉੱਪਰ ਹੈ ਅਤੇ ਕਾਨੂੰਨੀ ਕਾਰਵਾਈ ਵਿੱਚ ਕਦੇ ਕੋਈ ਦਖਲ ਨਹੀਂ ਦਿੱਤਾ। ਕਰਨਾਟਕ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ’ਤੇ ਲਗਾਈ ਪਾਬੰਦੀ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਸਿੱਖਾਂ ਨਾਲ ਇੱਕ ਵੱਡਾ ਵਿਤਕਰਾ ਹੈ ਅਤੇ ਉਹਨਾਂ ਨੂੰ ਕਿਰਪਾਨ ਪਾਉਣ ਦੀ ਤੁਰੰਤ ਇਜਾਜਤ ਮਿਲਣੀ ਚਾਹੀਦੀ ਹੈ।

ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਜੋ ਕਿ ਸਟੇਟ ਰੈਡ ਕਰਾਸ ਸੁਸਾਇਟੀ ਦੇ ਉਪ ਪ੍ਰਧਾਨ ਵੀ ਹਨ ਨੇ ਸਰਕਾਰੀ ਐਲੀਮੈਂਟਰੀ ਸਕੂਲ ਅਬਲੋਵਾਲ ਦੀਆਂ 140 ਲੜਕੀਆਂ ਨੂੰ ਸਕੂਲ ਦੀ ਵਰਦੀ, 200 ਲੜਕੀਆਂ ਤੇ ਲੜਕਿਆਂ ਨੂੰ ਜੁੱਤੇ, 80 ਲੜਕਿਆਂ ਨੂੰ ਕਮੀਜ਼ ਦਾ ਕੱਪੜਾ ਤੇ ਅਬਲੋਵਾਲ ਪਿੰਡ ਦੀਆਂ 8 ਲੜਕੀਆਂ ਨੂੰ ਬਰਤਨ ਵੀ ਵੰਡੇ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਸਕੂਲ ਨੂੰ ਅਪਗਰੇਡ ਕਰਨ ਦੀ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਪੰਜਾਬ ਸਰਕਾਰ ਤੋਂ ਛੇਤੀ ਪੂਰਾ ਕਰਵਾਇਆ ਜਾਵੇਗਾ।

ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਸਾਬਕਾ ਡਿਪਟੀ ਮੇਅਰ ਸ਼੍ਰੀ ਇੰਦਰਜੀਤ ਸਿੰਘ ਬੋਪਾਰਾਏ, ਪੰਜਾਬ ਕਾਂਗਰਸ ਦੇ ਸਕੱਤਰ ਸ਼੍ਰੀ ਸੁਖਦੇਵ ਮਹਿਤਾ, ਸਾਬਕਾ ਸਰਪੰਚ ਸ਼੍ਰੀ ਬਲਵਿੰਦਰ ਸਿੰਘ, ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ ਵਾਲੀਆ, ਸ਼੍ਰੀ ਬਲਵਿੰਦਰ ਪ੍ਰਧਾਨ, ਸ਼੍ਰੀ ਰਜਿੰਦਰ ਸਿੰਘ ਅੱਤਰੀ, ਸ਼੍ਰੀ ਲਾਲਜੀਤ ਸਿੰਘ, ਸ਼੍ਰੀ ਗੁਰਸੇਵਕ ਸਿੰਘ ਲਹਿਲ, ਸ਼੍ਰੀ ਅਜਮੇਰ ਸਿੰਘ, ਸ਼੍ਰੀ ਪਵਨਜੀਤ ਸ਼ਰਮਾ, ਸ਼੍ਰੀ ਯਾਦਵਿੰਦਰ ਸਿੰਘ, ਰੈਡ ਕਰਾਸ ਦੇ ਕੈਂਪ ਇੰਚਾਰਜ ਸ਼੍ਰੀ ਸੰਦੀਪ ਸ਼ਰਮਾ, ਰੈਡ ਕਰਾਸ ਦੇ ਕੌਂਸਲਰ ਸ਼੍ਰੀ ਹੇਮ ਰਿਸ਼ੀ, ਸਕੂਲ ਦੇ ਅਧਿਆਪਕ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

Loading...

Comments are closed, but trackbacks and pingbacks are open.