Daily Aashiana
Punjabi Newspaper Online

ਪਟਿਆਲਾ ਦੀ ਹਰਿਆਵਲ ਅਤੇ ਸੁੰਦਰਤਾ ਨੂੰ ਮੁੜ ਬਹਾਲ ਕਰਨ ਲਈ ਸ਼ਹਿਰ ਵਾਸੀ ਰਲ ਕੇ ਹੰਭਲਾ ਮਾਰਨ-ਪਰਨੀਤ ਕੌਰ

ਵਾਤਾਵਰਣ ਪਾਰਕ ਸ਼ਹਿਰ ਦੀ ਸਭ ਤੋਂ ਸੁੰਦਰ ਸੈਰਗਾਹ ਵਜੋਂ ਉਭਰਿਆ

44

ਪਟਿਆਲਾ, 13 ਸਤੰਬਰ (ਜਗਜੀਤ ਸੱਗੂ, ਸੁਰਜੀਤ ਮਲਹੋਤਰਾ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੇ ਸਾਬਕਾ ਵਿਧਾਇਕ ਸ਼੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਦੇ ਵਸਨੀਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਪਟਿਆਲਾ ਦੀ ਹਰਿਆਵਲ ਅਤੇ ਸੁੰਦਰਤਾ ਨੂੰ ਮੁੜ ਬਹਾਲ ਕਰਨ ਲਈ ਰਲ ਕੇ ਹੰਭਲਾ ਮਾਰਨ। ਸ਼੍ਰੀਮਤੀ ਪਰਨੀਤ ਕੌਰ ਅੱਜ ਪਾਸੀ ਰੋਡ ‘ਤੇ ਸਥਿਤ ਵਾਤਾਵਰਣ ਪਾਰਕ ਵਿਖੇ ਫਰੈਂਡਜ ਆਫ ਇਨਵਾਇਰਨਮੈਂਟ ਪਾਰਕ ਸੰਸਥਾ ਵੱਲੋਂ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਾਤਾਵਰਣ ਪਾਰਕ ਵਿੱਚ ਚੰਦਨ, ਅਮਲਤਾਸ਼ ਅਤੇ ਦਾਲਚੀਨੀ ਦੇ ਬੂਟੇ ਲਗਾਉਣ ਉਪਰੰਤ ਵਾਤਾਵਰਣ ਪ੍ਰੇਮੀਆਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਕੱਲ੍ਹ ਦੇ ਤੇਜ ਤਰਾਰ ਯੁੱਗ ਵਿੱਚ ਮਨੁੱਖੀ ਜੀਵਨ ਵਿੱਚ ਆਈ ਵੱਡੀ ਤਬਦੀਲੀ ਕਾਰਨ ਵੱਡੀ ਗਿਣਤੀ ਵਿੱਚ ਲੋਕ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਜਿੱਥੇ ਸਾਨੂੰ ਆਪਣੀ ਰਹਿਣੀ ਬਹਿਣੀ ਵਿੱਚ ਤਬਦੀਲੀ ਕਰਨੀ ਹੋਵੇਗੀ, ਉੱਥੇ ਹੀ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖ ਕੇ ਵੀ ਇਸ ਮੁਸੀਬਤ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਪਟਿਆਲਾ ਦੇ ਸ਼ਹਿਰੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਘਰਾਂ ਦੇ ਆਲੇ ਦੁਆਲੇ ਨੂੰ ਵੀ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣ ‘ਚ ਯੋਗਦਾਨ ਪਾਉਣ। ਉਹਨਾਂ ਜੰਗਲਾਤ ਵਿਭਾਗ ਅਤੇ ਵਾਤਾਵਰਣ  ਪ੍ਰੇਮੀਆਂ ਵੱਲੋਂ ਵਾਤਾਵਰਣ ਪਾਰਕ ਦੇ ਵਿਕਾਸ ਅਤੇ ਉਸ ਨੂੰ ਸਾਫ਼ ਸੁਥਰਾ ਰੱਖਣ ਲਈ ਪਾਏ ਜਾ ਰਹੇ ਯੋਗਦਾਨ ਲਈ ਉਹਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਾਤਾਵਰਣ ਪਾਰਕ ਸ਼ਹਿਰ ਦੀ ਜੀਵਨ ਰੇਖਾ ਹੈ ਅਤੇ ਪੂਰੇ ਸ਼ਹਿਰ ਦੀ ਸਭ ਤੋਂ ਸੁੰਦਰ ਸੈਰਗਾਹ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਵਾਤਾਵਰਣ ਪਾਰਕ ਅਤੇ ਬਾਰਾਂਦਰੀ ਸਮੇਤ ਪਟਿਆਲਾ ਦੀਆਂ ਸਾਰੀਆਂ ਸੈਰਗਾਹਾਂ ਤੇ ਪਾਰਕਾਂ ਦੇ ਰੱਖ ਰਖਾਵ ਅਤੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਪਾਰਕ ਵਿੱਚ ਲਗਾਈਆਂ ਐਲ.ਈ.ਡੀ. ਲਾਈਟਾਂ ਅਤੇ ਨਵੇਂ ਬਣਾਏ ਬਾਥਰੂਮਾਂ ਦਾ ਉਦਘਾਟਨ ਵੀ ਕੀਤਾ।

ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼ੀ੍ਰ ਕੇ.ਕੇ.ਸ਼ਰਮਾ ਨੇ ਕਿਹਾ ਕਿ ਹਰੇਕ ਸ਼ਹਿਰੀ ਨੂੰ ਆਪਣੇ ਬੱਚੇ ਦੇ ਜਨਮ ਦਿਨ ਅਤੇ ਬਜ਼ੁਰਗਾਂ ਦੀ ਯਾਦ ਵਿੱਚ ਇੱਕ-ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇੱਕ ਤੰਦਰੁਸਤ ਜੀਵਨ ਜਿਊਣ ਲਈ ਦਰੱਖਤਾਂ ਦਾ ਸਾਡੇ ਜੀਵਨ ਵਿੱਚ ਅਹਿਮ ਯੋਗਦਾਨ ਹੈ। ਉਹਨਾਂ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਨੂੰ ਤੰਦਰਸਤ ਰੱਖਣ ਲਈ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਨੂੰ ਵੀ ਸਾਫ ਸੁਥਰਾ ਰੱਖਣ ਵਿੱਚ ਬਣਦਾ ਯੋਗਦਾਨ ਪਾਉਣ।

ਇਸ ਮੌਕੇ ਫਰੈਂਡਜ਼ ਆਫ ਇਨਵਾਇਰਮੈਂਟ ਪਾਰਕ ਸੁਸਾਇਟੀ ਦੇ ਪ੍ਰਧਾਨ ਸੇਵਾ ਮੁਕਤ ਇੰਜਨੀਅਰ ਸ਼੍ਰੀ ਨਿਰਮਲ ਸਿੰਘ ਕਾਹਲੋਂ ਨੇ ਸ਼੍ਰੀਮਤੀ ਪਰਨੀਤ ਕੌਰ ਸਮੇਤ ਪੁੱਜੀਆਂ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਦੀ ਸੰਸਥਾ ਵੱਲੋਂ ਪਾਰਕ ਦੇ ਰੱਖ ਰਖਾਵ ਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਚਾਨਣਾ ਪਾਇਆ ਅਤੇ ਸ਼੍ਰੀਮਤੀ ਪਰਨੀਤ ਕੌਰ ਨੂੰ ਇੱਕ ਮੰਗ ਪੱਤਰ ਵੀ ਪੇਸ਼ ਕੀਤਾ। ਸਾਬਕਾ ਏ.ਆਈ.ਜੀ. ਅਤੇ ਸੰਸਥਾ ਦੇ ਪੈਟਰਨ ਸ਼ੀ੍ਰ ਗੁਰਦੀਪ ਸਿੰਘ ਵੱਲੋਂ ਸ਼੍ਰੀਮਤੀ ਪਰਨੀਤ ਕੌਰ ਅਤੇ ਪੁੱਜੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਣ ਪਾਰਕ ਦੇ ਰੱਖ ਰਖਾਵ ਤੇ ਵਿਕਾਸ ਲਈ ਉਹਨਾਂ ਦੀ ਸੰਸਥਾ ਸਮੂਹ ਸ਼ਹਿਰੀਆਂ ਦੇ ਸਹਿਯੋਗ ਨਾਲ ਆਪਣੇ ਯਤਨ ਜਾਰੀ ਰੱਖੇਗੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੁਸਾਇਟੀ ਦੇ ਜਨਰਲ ਸਕੱਤਰ ਸ਼੍ਰੀ ਜਸਪਾਲ ਸਿੰਘ ਢਿੱਲੋਂ ਨੇ ਨਿਭਾਈ।

ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਵਣ ਮੰਡਲ ਅਫ਼ਸਰ ਸ਼੍ਰੀ ਅਜੀਤ ਕੁਲਕਰਨੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਬਲਾਕ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ ਵਾਲੀਆ, ਪਟਿਆਲਾ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਜਗਜੀਤ ਸਿੰਘ ਨਨਾਨਸੂ, ਸ਼੍ਰੀ ਵਿਜੇ ਕੂਕਾ, ਸ਼੍ਰੀ ਨਿਰਮਲਜੀਤ ਸਿੰਘ ਨੌਹਰੀਆਂ, ਸ਼੍ਰੀ ਬੀ.ਐਸ. ਬਲਿੰਗ, ਸੰਸਥਾ ਦੇ ਵਿੱਤ ਸਕੱਤਰ ਸ਼੍ਰੀ ਰਜਿੰਦਰ ਸਿੰਘ, ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਏ.ਕੇ.ਭੰਡਾਰੀ, ਸ਼੍ਰੀ ਅਮਰੀਕ ਸਿੰਘ ਭੁੱਲਰ, ਸ਼੍ਰੀ ਰਣਧੀਰ ਸਿੰਘ ਨਲੀਨਾ, ਡੀ.ਐਸ.ਪੀ. ਆਰ.ਐਸ. ਰੰਧਾਵਾ, ਪ੍ਰਿੰਸੀਪਲ ਜਸਪਾਲ ਸਿੰਘ, ਸ਼੍ਰੀ ਜਸਵਿੰਦਰ ਸਿੰਘ ਜੁਲਕਾ, ਐਸ.ਪੀ. ਸਿਟੀ ਸ਼੍ਰ: ਕੇਸਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਾਤਾਵਰਣ ਪ੍ਰੇਮੀ ਵੀ ਹਾਜ਼ਰ ਸਨ।

Loading...

Comments are closed, but trackbacks and pingbacks are open.