FeaturedPatiala

ਮੁੜ ਪਰਤੀਆਂ ਸਕੂਲਾਂ ‘ਚ ਰੌਣਕਾਂ, ਦਸਵੀਂ ਤੋਂ ਬਾਰਵੀਂ ਤੱਕ ਜਮਾਤਾਂ ਦੀ ਹੋਈ ਮੁੜ ਸ਼ੁਰੂਆਤ

ਪਟਿਆਲਾ, 26 ਜੁਲਾਈ (ਅ.ਨ.ਸ.) ਅੱਜ ਸਕੂਲਾਂ ‘ਚ ਲੰਬੇ ਅਰਸੇ ਉਪਰੰਤ ਵਿਦਿਆਰਥੀਆਂ ਦੀ ਆਮਦ ਨਾਲ ਮੁੜ ਤੋਂ ਰੌਣਕਾਂ ਪਰਤ ਆਈਆਂ ਹਨ। ਸਰਕਾਰ ਵੱਲੋਂ ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੇ ਜਾਣ ਨਾਲ ਇਹਨਾਂ ਜਮਾਤਾਂ ਦੀ ਕਲਾਸ ਰੂਮ ਪੜ੍ਹਾਈ ਸ਼ੁਰੂ ਹੋ ਗਈ ਹੈ। ਵਰਨਣਯੋਗ ਹੈ ਕਿ ਵਿਦਿਆਰਥੀਆਂ ਲਈ ਮਾਰਚ ਮਹੀਨੇ ਤੋਂ ਸਕੂਲਾਂ ਦੀ ਹੋਈ ਤਾਲਾਬੰਦੀ ਦੇ ਚੱਲਦਿਆਂ ਅਧਿਆਪਕਾਂ ਵੱਲੋਂ ਨਵੇਂ ਸੈਸ਼ਨ ਦੀ ਪੜ੍ਹਾਈ ਆਨਲਾਈਨ ਤਰੀਕੇ ਹੀ ਕਰਵਾਈ ਜਾ ਰਹੀ ਸੀ। ਪਰ ਹੁਣ ਪਹਿਲੇ ਗੇੜ ਦੌਰਾਨ ਦਸਵੀਂ ਤੋਂ ਬਾਰਵੀਂ ਜਮਾਤਾਂ ਦੀ ਆਫ਼ਲਾਈਨ ਪੜ੍ਹਾਈ ਮੁੜ ਸ਼ੁਰੂ ਹੋ ਗਈ ਹੈ।

ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ (ਸੈ.ਸਿੱ.) ਹਰਿੰਦਰ ਕੌਰ ਦੱਸਿਆ ਕਿ ਸਿਹਤ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੋਰੋਨਾ ਬਚਾਅ ਸਬੰਧੀ ਨਿਯਮਾਵਲੀ ਦੀ ਪਾਲਣਾ ਨਾਲ ਜਿਲ੍ਹੇ ਦੇ ਸਮੂਹ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੀ ਕਲਾਸ ਰੂਮ ਪੜ੍ਹਾਈ ਬਕਾਇਦਾ ਰੂਪ ਵਿੱਚ ਸ਼ੁਰੂ ਹੋ ਗਈ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਅਰਸੇ ਦੀ ਤਾਲਾਬੰਦੀ ਉਪਰੰਤ ਅੱਜ ਵਿਦਿਆਰਥੀ ਚਾਅ ਅਤੇ ਉਤਸ਼ਾਹ ਨਾਲ ਸਕੂਲਾਂ ਵਿੱਚ ਪਹੁੰਚੇ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਪਹੁੰਚਣ ਵਾਲੇ ਵਿਦਿਆਰਥੀਆਂ ਅਤੇ ਮਾਪੇ ਅਧਿਆਪਕ ਮਿਲਣੀ ਲਈ ਪਹੁੰਚੇ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਜੀ ਆਇਆਂ ਕਿਹਾ ਗਿਆ।

ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਸਕੂਲਾਂ ਦੇ ਦੌਰੇ ਦੌਰਾਨ ਸਕੂਲ ਖੁੱਲਣ ਦੀ ਖੁਸ਼ੀ ਸਕੂਲ ਮੁਖੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਚਿਹਰਿਆਂ ‘ਤੇ ਸਾਫ਼ ਵਿਖਾਈ ਦੇ ਰਹੀ ਸੀ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹੀ ਸਕੂਲਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਬਾਰੇ ਹਦਾਇਤਾਂ ਦੇ ਪਾਲਣ ਲਈ ਪ੍ਰੇਰਿਤ ਕੀਤਾ ਗਿਆ।

ਤਕਰੀਬਨ ਪੰਜ ਮਹੀਨਿਆਂ ਬਾਅਦ ਸਕੂਲ ਪਹੁੰਚੇ ਵਿਦਿਆਰਥੀ ਸ਼ਰਨਦੀਪ ਸਿੰਘ ਚੀਮਾ ਨੇ ਸਕੂਲ ਖੁੱਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਜਮਾਤ ਕਮਰੇ ‘ਚ ਬੈਠ ਕੇ ਪੜ੍ਹਾਈ ਕਰਨ ਦਾ ਅਵਸਰ ਮਿਲੇਗਾ ਅਤੇ ਆਫ਼ਲਾਈਨ ਤਰੀਕੇ ਉਨ੍ਹਾਂ ਦੀ ਪੜ੍ਹਾਈ ਆਨਲਾਈਨ ਤਰੀਕੇ ਨਾਲੋਂ ਬਿਹਤਰ ਹੋਣ ‘ਤੇ ਉਨ੍ਹਾਂ ਨੂੰ ਪੜ੍ਹਾਈ ਪੱਖੋਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਵੇਗਾ।ਸਕੂਲਾਂ ‘ਚ ਪਹੁੰਚੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਸਰਕਾਰ ਦੇ ਸਕੂਲ ਖੋਲ੍ਹਣ ਦੇ ਫ਼ੈਸਲੇ ਨੂੰ ਵਿਦਿਆਰਥੀ ਪੱਖੀ ਦੱਸਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Show More

Related Articles

Back to top button