ਸਮਾਜ ਦੀ ਹਰ ਗਲਤੀ ਲਈ ਜਿੰਮੇਵਾਰ ਹਰ ਵਾਰ ਔਰਤ ਹੀ ਕਿਉਂ?

ਬੇਅੰਤ ਕੌਰ ਆਲੇ ਕੇਸ ਤੋਂ ਬਾਅਦ ਐਨੀ ਨ੍ਹੇਰੀ ਚੱਲੀ ਸੋਸ਼ਲ ਮੀਡੀਆ ‘ਤੇ ਕਿ ਕੁੜੀਆਂ ਯੇ, ਕੁੜੀਆਂ ਵੋ। ਜਿਹੜੇ ਦੁੱਕੀ ਦੇ ਬੰਦਿਆਂ ਨੂੰ ਘਰੇ ਕੋਈ ਨੀ ਪੁੱਛਦਾ ਓਹਨਾਂ ਰੱਜ ਕੇ ਏਥੇ ਔਰਤ ਨੂੰ ਜ਼ਲੀਲ ਕੀਤਾ, ਹਰ ਘਟੀਆ ਤੋਂ ਘਟੀਆ ਸ਼ਬਦ ਦਾ ਪ੍ਰਯੋਗ ਕੀਤਾ। ਪਤਾ ਨੀ ਇਹ ਕਿਉਂ ਭੁੱਲ ਜਾਂਦੇ ਨੇ ਇਹ ਲੋਕ ਕਿ ਇਹਨਾਂ ਦੇ ਘਰ ਦੀ ਮਾਂ, ਭੈਣ, ਧੀ ਵੀ ਔਰਤ ਹੀ ਹੈ। ਜਦੋਂ ਤੁਸੀਂ ਘਟੀਆ ਮਾਨਸਿਕਤਾ ‘ਤੇ ਉੱਤਰ ਹੀ ਆਉਂਦੇ ਹੋ ਤਾਂ ਤੁਹਾਡੇ ਸ਼ਬਦ ਸਭ ਔਰਤਾਂ ਲਈ ਹੀ ਹੁੰਦੇ ਨੇ, ਫੇਰ ਇਹ ਕਹਿ ਕੇ ਪੱਲਾ ਨਾ ਛੁਡਾਇਆ ਕਰੋ ਕਿ ਸਾਡੇ ਘਰ ਦੀਆਂ ਔਰਤਾਂ ਏਦਾਂ ਦੀਆਂ ਨਹੀਂ ਹਨ। ਕੁਝ ਕੁ ਕੁੜੀਆਂ ਦੇ ਗਲਤ ਹੋਣ ਨਾਲ ਤੁਸੀਂ ਸਭ ਔਰਤਾਂ ਨੂੰ ਮਾੜਾ ਨੀ ਕਹਿ ਸਕਦੇ।
ਨਾਲੇ ਆਪਾਂ ਸਿਰਫ ਸੁਣਿਆ-ਦੇਖਿਆ, ਉਹ ਵੀ ਮੁੰਡੇ ਦੇ ਆਤਮ-ਹੱਤਿਆ ਕਰ ਲੈਣ ਤੋਂ ਬਾਅਦ, ਬੀਤਿਆ ਤਾਂ ਓਹਨਾਂ ਦੋਨੋਂ ਪਰਿਵਾਰਾਂ ‘ਤੇ ਆ, ਇਹ ਜਨਤਕ ਹੋਣ ਤੋਂ ਬਾਅਦ ਵੀ ਤੇ ਪਹਿਲਾਂ ਵੀ। ਮਹਿਲਾ ਕਮਿਸ਼ਨ ਕੋਲ ਧੋਖਾਧੜੀ ਆਲੇ ਕੇਸ ਕੁੜੀਆਂ ਦੇ 30 ਹਜਾਰ ਤੇ ਮੁੰਡਿਆਂ ਦੇ 350 ਕੇਸ ਪਏ ਨੇ, ਗੁਲਾਟੀ ਮੈਡਮ ਨੇ ਇੰਟਰਵਿਊ ‘ਚ ਕਹੀ ਇਹ ਗੱਲ। ਹੁਣ ਫੈਸਲਾ ਕਰੋ ਕਿ ਜਿਆਦਾ ਧੋਖੇਬਾਜ ਕੌਣ ਆ।
ਦੁਆਬਾ ਭਰਿਆ ਪਿਆ ਐਸੇ ਕੇਸਾਂ ਨਾਲ ਜਿੱਥੇ ਪਤੀ ਵਿਆਹ ਕਰਵਾ, ਪ੍ਰਦੇਸ ਗਏ ਤੇ ਮੁੜ ਕਦੇ ਵਾਪਿਸ ਨੀ ਆਏ। ਉਹ ਔਰਤਾਂ ਅੱਜ ਬੁੱਢੀਆਂ ਹੋ ਗਈਆਂ, ਜੋ ਨਾ ਕੁਆਰੀਆਂ, ਨਾ ਵਿਆਹੀਆਂ ਤੇ ਨਾ ਵਿਧਵਾਵਾਂ ‘ਚ ਆਉਂਦੀਆਂ। ਕਿਹੜਾ ਸੁੱਖ ਦੇਖ ਲਿਆ ਓਹਨਾਂ ਜਿੰਦਗੀ ਦਾ। ਕੋਈ ਬੰਦਾ ਬੋਲਿਆ ਅੱਜ ਤੱਕ ਓਹਨਾਂ ਔਰਤਾਂ ਲਈ, ਕੋਈ ਹਾਹਾਕਾਰ ਨੀ ਮਚੀ ਇਹ ਔਰਤਾਂ ਲਈ।
ਔਰਤਾਂ ਨੂੰ ਸਹਿਣ ਲਈ ਹੀ ਬਣਾਇਆ ਤੁਸੀਂ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੇ। ਇੱਕ ਮੁੰਡੇ ਦੇ ਮਰਨ ਨਾਲ ਪੰਜਾਬ ਸਿਰ ‘ਤੇ ਚੁੱਕ ਲਿਆ ਤੁਸੀਂ, ਕਿਉਂ???? ਕੁੜੀਆਂ ਇਨਸਾਨ ਨੀ? ਓਹਨਾਂ ਦਾ ਦੁੱਖ-ਦਰਦ ਤਿਆਗ ਤੁਹਾਨੂੰ ਦਿਖਦੇ ਨੀ? ਸੌਦੇ ਕਰੋੰਗੇ ਤਾਂ ਖਮਿਆਜੇ ਭੁਗਤਣ ਲਈ ਵੀ ਤਿਆਰ ਰਹੋ, ਨਾ ਕਿ ਔਰਤਾਂ ਨੂੰ ਮਾੜਾ ਬਣਾਉਣ ‘ਤੇ ਤੁਲ ਜਿਆ ਕਰੋ। ਜਿਹੜੇ ਪੈਸੇ ਅਣਜਾਣ ਕੁੜੀਆਂ ਪਿੱਛੇ ਗਰੀਬੀ ਦਾ ਰਾਗ ਅਲਾਪਦੇ ਫੂਕਦੇ ਓਂ, ਅਪਣੇ ਲਾਡਲਿਆਂ ਨੂੰ ਏਥੇ ਹੀ ਵਧੀਆ ਕਾਰੋਬਾਰ ਸ਼ੁਰੂ ਕਰ ਕੇ ਦੇ ਦਿਆ ਕਰੋ, ਨਾ ਕਿ ਬਿਗਾਨੀ ਧੀ ਦੀ ਜਿੰਦਗੀ ਖਰੀਦਣ ਤੇ ਮੁੰਡਿਆਂ ਨੂੰ ਬਾਹਰਲੇ ਸੁਪਨੇ ਦਿਖਾਉਣ ਦੇ ਲਾਲਚ ‘ਚ ਅੰਨ੍ਹੇ ਹੋ ਜਵਾਕਾਂ ਦੀਆਂ ਜਿੰਦਗੀਆਂ ਖਰਾਬ ਕਰ, ਬਾਅਦ ‘ਚ ਸੱਚੇ ਬਣ ਪੱਲਾ ਝਾੜਿਆ ਕਰੋ।
ਲੇਖਿਕਾ: ਜੀਤ ਕੌਰ ਖੁਰਦ
ਮੋਬਾਈਲ ਨੋ. 7888363591