
ਬ੍ਰਿਸਬੇਨ 21 ਜੁਲਾਈ (ਅ.ਨ.ਸ.) ਜਪਾਨ ਦੀ ਰਾਜਧਾਨੀ ਟੋਕਿਓ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਡੈਲੀਗੇਟਾਂ ਦੀ ਮੀਟਿੰਗ ਤੋਂ ਬਾਅਦ
ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਨੂੰ 2032 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਸੌਂਪੀ ਗਈ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਖੁਸ਼ੀ ਦੇ ਮੌਕੇ ‘ਤੇ ਸੂਬਾ ਕੁਈਨਜ਼ਲੈਂਡ ਦੇ ਪ੍ਰਤੀਨਿਧੀ ਮੰਡਲ ਵਿੱਚ ਪ੍ਰੀਮੀਅਰ ਅਨਾਸਤਾਸ਼ੀਆ ਪਲਾਸਕਜ਼ੁਕ, ਬ੍ਰਿਸਬੇਨ ਲਾਰਡ ਮੇਅਰ ਐਡਰੀਅਨ ਸ਼੍ਰਾਈਨਰ ਅਤੇ ਸੰਘੀ ਖੇਡ ਮੰਤਰੀ ਰਿਚਰਡ ਕੋਲਬੈਕ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਇਸ ਮੌਕੇ ਪੈਰਾ ਓਲੰਪਿਕ ਖੇਡਾਂ ਦੇ ਪ੍ਰਧਾਨ ਹਾਸ਼ਿਮੋਟੋ ਸੀਕੋ ਨੇ ਬ੍ਰਿਸਬੇਨ ਨੂੰ ਇਸਦੀ ਜਿੱਤ ਵਾਲੀ ਬੋਲੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੇ ਸਾਲ ਦੌਰਾਨ, ਵਿਸ਼ਵ ਦੇ ਖੇਡ ਭਾਈਚਾਰੇ ਨੇ ਕੋਵਿਡ-19 ਦੀਆਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਚ ਦੀ ਦ੍ਰਿੜ ਅਗਵਾਈ ਵਿੱਚ, ਓਲੰਪਿਕ ਖੇਡਾਂ ਨੇ ਨਿਰੰਤਰ ਤਰੱਕੀ ਕੀਤੀ ਹੈ, ਜੋ ਬ੍ਰਿਸਬੇਨ ਦੇ ਹੱਕ ਵਿੱਚ ਅੱਜ ਦੇ ਫੈਸਲੇ ਵਜੋਂ ਸਿੱਧ ਹੋਈ ਹੈ। ਗੌਰਤਲਬ ਹੈ ਕਿ ਤਕਰੀਬਨ 30 ਖੇਡਾਂ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਲੋਗਨ, ਇਪਸਵਿਚ ਅਤੇ ਰੈੱਡਲੈਂਡਜ਼ ਵਿਚ ਦੱਖਣ-ਪੂਰਬੀ ਕੁਈਨਜ਼ਲੈਂਡ ਵਿਚ ਵੱਖ ਵੱਖ ਸਥਾਨਾਂ ‘ਤੇ ਆਯੋਜਿਤ ਕੀਤੀਆਂ ਜਾਣਗੀਆਂ। ਬ੍ਰਿਸਬੇਨ ਦਾ ਅਤਿ ਆਧੁਨਿਕ ‘ਗਾਬਾ ਸਟੇਡੀਅਮ’ ਇਹਨਾਂ ਖੇਡਾਂ ਦਾ ਮੁੱਖ ਕੇਦਰ ਹੋਵੇਗਾ ਅਤੇ ਸਟੇਡੀਅਮ ਦੇ ਨਾਲ ਹੀ ਉਸਾਰੀ ਅਧੀਨ ਅੰਡਰ-ਗਰਾਊਂਡ ਰੇਲਵੇ ਸਟੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਲਦੀ ਤਿਆਰ ਹੋ ਜਾਵੇਗਾ। ਖਿਡਾਰੀਆਂ ਦੀ ਰਿਹਾਇਸ਼ ਲਈ ਬ੍ਰਿਸਬੇਨ ਅਤੇ ਗੋਲਡ ਕੋਸਟ ਵਿੱਚ ਦੋ ਐਥਲੀਟ ਖੇਡ ਪਿੰਡ ਉਸਾਰੇ ਜਾਣਗੇ।
ਮਾਹਰਾਂ ਅਨੁਸਾਰ ਬ੍ਰਿਸਬੇਨ 2032 ਦੀਆਂ ਖੇਡਾਂ ਲਈ 4.5 ਬਿਲੀਅਨ ਡਾਲਰ ਦੇ ਬਜਟ ਦੀ ਜ਼ਰੂਰਤ ਹੋਵੇਗੀ। ਜਿਸਦੇ ਤਹਿਤ ਆਈਓਸੀ 2.5 ਬਿਲੀਅਨ ਫੰਡ ਮੁਹੱਈਆ ਕਰਵਾ ਰਿਹਾ ਹੈ ਅਤੇ ਬਾਕੀ ਰਾਸ਼ੀ ਟਿਕਟਾਂ ਦੀ ਵਿਕਰੀ ਅਤੇ ਸਪਾਂਸਰਸ਼ਿਪਾਂ ਤੋਂ ਇੱਕਠਾ ਕਰਨ ਦੀ ਯੋਜਨਾ ਹੈ। ਸਰਕਾਰ ਦਾ ਮੰਨਣਾ ਹੈ ਕਿ 2032 ਦੀਆਂ ਓਲੰਪਿਕ ਖੇਡਾਂ ਸਦਕਾ ਬ੍ਰਿਸਬੇਨ ਸ਼ਹਿਰ ਦੁਨੀਆਂ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਵਿਕਾਸ ਦੀਆ ਨਵੀਆਂ ਬੁਲੰਦੀਆਂ ਸਰ ਕਰੇਗਾ ਅਤੇ ਸੂਬਾ ਕੁਈਨਜ਼ਲੈਂਡ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਸਥਾਪਤ ਕਰੇਗਾ।
ਦੱਸਣਯੋਗ ਹੈ ਕਿ ਆਸਟਰੇਲੀਆ ਇਸ ਤੋਂ ਪਹਿਲਾਂ 1956 ਵਿੱਚ ਮੈਲਬਾਰਨ ਅਤੇ ਸੰਨ 2000 ‘ਚ ਸਿਡਨੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਇਸ ਇਤਿਹਾਸਿਕ ਫੈਸਲੇ ਦੇ ਐਲਾਨ ਤੋਂ ਬਾਅਦ ਸਮੁੱਚੇ ਆਸਟਰੇਲੀਆ ‘ਚ ਖੁਸ਼ੀ ਦੀ ਲਹਿਰ ਦੇ ਚੱਲਦਿਆਂ ਸ਼ਹਿਰ ‘ਚ ਆਤਿਸ਼ਬਾਜ਼ੀ ਕੀਤੀ ਗਈ।