ਆਰਥਿਕ ਤੰਗੀ ਅਤੇ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਭੁੱਲਣ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਖਨੌਰੀ 19 ਜੁਲਾਈ (ਸ਼ਮਸ਼ੇਰ ਸਿੰਘ) ਨਜ਼ਦੀਕੀ ਪਿੰਡ ਭੁੱਲਣ ਵਿੱਚ ਇੱਕ ਕਿਸਾਨ ਨੇ ਆਰਥਿਕ ਤੰਗੀ ਦੇ ਚਲਦਿਆਂ ਤੋਂ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਬਾਰੇ ਦੁਖਦਾਈ ਘਟਨਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰਨੈਲ ਸਿੰਘ (30 ਸਾਲ) ਪੁੱਤਰ ਸਵ: ਰਾਜਾ ਰਾਮ ਵਾਸੀ ਪਿੰਡ ਭੁੱਲਣ ਜੋ ਆਪਣੀ ਇਕ ਏਕੜ ਜ਼ਮੀਨ ਤੇ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ।ਉਹ ਅਚਾਨਕ ਬਿਮਾਰ ਹੋ ਗਿਆ। ਪੀ. ਜੀ .ਆਈ . ਚੰਡੀਗੜ੍ਹ ਤੋਂ ਇਲਾਜ ਦੇ ਚਲਦਿਆਂ ਉਸ ਨੂੰ ਪਤਾ ਚਲਿਆ ਕਿ ਉਸ ਨੂੰ ਗਠੀਆ ਬਾਅ ਦੀ ਬਿਮਾਰੀ ਹੈ। ਜਿਸ ਕਾਰਨ ਉਸ ਦਾ ਖੂਨ ਖਰਾਬ ਹੋ ਗਿਆ ਤੇ ਸਰੀਰ ਦੇ ਹੱਥਾਂ ਪੈਰਾਂ ਦੇ ਜੋੜ ਸੁੱਕ ਗਏ। ਜਿਸ ਕਾਰਨ ਉਹ ਆਪਣਾ ਖੇਤੀ ਦਾ ਕੰਮ ਸੰਭਾਲਣ ਤੋਂ ਅਸਮਰੱਥ ਹੋ ਗਿਆ।
ਕਰਨੈਲ ਸਿੰਘ ਦੇ ਚਾਚਾ ਸਾਬਕਾ ਪੰਚ ਅੰਮ੍ਰਿਤ ਲਾਲ ਅਤੇ ਉਸ ਦੇ ਭਰਾ ਰਾਮਨਿਵਾਸ ਭੂਲਣ ਨੇ ਦੱਸਿਆ ਕਿ ਤਿੰਨ ਸਾਲ ਦੇ ਕਰੀਬ ਚਲੀ ਇਸ ਬਿਮਾਰੀ ਕਾਰਨ ਉਹ ਆਰਥਿਕ ਤੇ ਸਰੀਰਕ ਰੂਪ ਵਿੱਚ ਕਾਫੀ ਕਮਜੋਰ ਹੋ ਗਿਆ। ਜਿਸ ਕਾਰਨ ਅਜ ਦੁਪਿਹਰ ਨੂੰ ਉਸ ਨੇ ਆਰਥਿਕ ਤੰਗੀ ਤੇ ਬਿਮਾਰੀ ਤੋਂ ਪ੍ਰੇਸਾਨ ਹੋ ਕੇ ਪਸ਼ੂਆਂ ਦੇ ਵਾੜੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਛੋਟੇ ਛੋਟੇ ਬੱਚਿਆ ਨੂੰ ਰੋਦਾ ਕੁਰਲਾਂਉਦਿਆ ਛਡ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ।