
ਨਵੀਂ ਦਿੱਲੀ 22 ਜੁਲਾਈ (ਅ.ਨ.ਸ.) ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਲਹਿਰ ਦਾ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਇਹ ਸਭ ਕਿਸਾਨ ਸੰਸਦ ਦੀ ਤਰ੍ਹਾਂ ਹੋ ਰਿਹਾ ਹੈ। ਸਿੰਘੂ, ਟਿੱਕਰੀ ਅਤੇ ਗਾਜੀਪੁਰ ਬਾਰਡਰ ਤੋਂ ਬੱਸਾਂ ਵਿਚ ਭਰਨ ਤੋਂ ਬਾਅਦ ਕਿਸਾਨਾਂ ਦਾ ਜੱਥਾ ਜੰਤਰ-ਮੰਤਰ ਪਹੁੰਚ ਗਿਆ।
ਜੰਤਰ-ਮੰਤਰ ‘ਤੇ ਦਿੱਲੀ ਪੁਲਿਸ ਨੇ ਸਿਰਫ 200 ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਹੈ। ਇਹ ਕਿਸਾਨ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਦਰਸ਼ਨ ਕਰ ਸਕਣਗੇ।
ਪ੍ਰਦਰਸ਼ਨਕਾਰੀਆਂ ਨਾਲ ਮੌਜੂਦ ਯੋਗੇਂਦਰ ਯਾਦਵ ਨੇ ਕਿਹਾ ਕਿ ਇੱਕ ਵਾਰ ਫਿਰ ਪੁਲਿਸ ਦੁਆਰਾ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਜੰਤਰ-ਮੰਤਰ ਪਹੁੰਚਣ ਵਿੱਚ ਦੇਰੀ ਹੋਈ ਹੈ। ਦੂਸਰੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਸਰਕਾਰ ਵਾਰ-ਵਾਰ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ ਅਤੇ ਰਸਤੇ ਵਿੱਚ ਹੀ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਵੀਰਵਾਰ ਸਵੇਰੇ ਗਾਜੀਪੁਰ ਬਾਰਡਰ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਏ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਸੰਘਰਸ਼ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਹੈ। ਅਸੀਂ ਸ਼ਾਂਤਮਈ ਢੰਗ ਨਾਲ ਸਰਕਾਰ ਦੇ ਸਾਹਮਣੇ ਆਪਣੇ ਪੁਆਇੰਟ ਰੱਖਣਾ ਚਾਹੁੰਦੇ ਹਾਂ। ਕਿਸਾਨ ਆਗੂ ਨੇ ਕਿਹਾ ਕਿ ਜਿੰਨਾ ਚਿਰ ਸੰਸਦ ਦਾ ਸੈਸ਼ਨ ਚੱਲਦਾ ਰਹੇਗਾ, ਅਸੀਂ ਜੰਤਰ ਮੰਤਰ ਵਿਖੇ ਹੀ ਆਪਣੀ ਕਿਸਾਨ ਸੰਸਦ ਨੂੰ ਚਲਾਵਾਂਗੇ।
ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਦਾ ਕਹਿਣਾ ਹੈ ਕਿ ਸਾਡਾ ਅਗਲਾ ਨਿਸ਼ਾਨਾ ਉੱਤਰ ਪ੍ਰਦੇਸ਼ ਹੈ। 5 ਸਤੰਬਰ ਤੋਂ ਇਸ ਦੀ ਸ਼ੁਰੂਆਤ ਹੋਏਗੀ, ਅਸੀਂ ਭਾਜਪਾ ਨੂੰ ਅਲੱਗ ਥਲੱਗ ਕਰਨਾ ਚਾਹੁੰਦੇ ਹਾਂ। ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ।
ਪ੍ਰਦਰਸ਼ਨ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਨੇ ਸਖਤ ਸੁਰੱਖਿਆ ਕੀਤੀ ਹੈ, ਸੀਸੀਟੀਵੀ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।