‘ਕਿਤਾਬਾਂ ਦਾ ਲੰਗਰ’ ਵਿਦਿਆਰਥੀਆਂ, ਮਾਪਿਆਂ ਤੇ ਆਮ ਲੋਕਾਂ ਨੇ ਦਿਖਾਇਆ ਭਾਰੀ ਉਤਸ਼ਾਹ

ਪਟਿਆਲਾ 19 ਜੁਲਾਈ (ਅ.ਨ.ਸ.) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੇ ਮਨਸੂਬੇ ਨਾਲ ਰਾਜ ਭਰ ‘ਚ ਲਗਾਏ ਜਾ ਰਹੇ, ਕਿਤਾਬਾਂ ਦੇ ਲੰਗਰ ਤਹਿਤ ਅੱਜ ਪਟਿਆਲਾ ਜਿਲ੍ਹੇ ਦੇ ਸਰਕਾਰੀ ਦੇ ਅਧਿਆਪਕਾਂ ਵੱਲੋਂ ਕਿਤਾਬਾਂ ਦੇ ਲੰਗਰ ਲਗਾਏ ਗਏ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਦੀ ਦੇਖ-ਰੇਖ ‘ਚ ਭਾਰੀ ਬਾਰਿਸ਼ ਦੇ ਬਾਵਜ਼ੂਦ ਵੀ ਸਕੂਲ ਅਧਿਆਪਕਾਂ ਨੇ ਪਿੰਡਾਂ,ਸ਼ਹਿਰਾਂ ਤੇ ਕਸਬਿਆਂ ਚ ਕਿਤਾਬਾਂ ਦਾ ਲੰਗਰ ਲਗਾਏ।
ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਅੱਜ ਵੱਖ ਸਕੂਲਾਂ ਵੱਲੋਂ ਲਗਾਏ ਪੁਸਤਕਾਂ ਦੇ ਲੰਗਰਾਂ ‘ਚ ਸ਼ਿਰਕਤ ਕੀਤੀ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਟਿਆਲਾ-2 ਪ੍ਰਿਥੀ ਸਿੰਘ ਦੀ ਦੇਖ-ਰੇਖ ‘ਚ ਸਰਕਾਰੀ ਪ੍ਰਾਇਮਰੀ ਸਕੂਲ ਸਵਾਜਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਿਤਾਬਾਂ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਪੁੱਜੇ ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਵਿਭਾਗ ਵੱਲੋਂ ਅਜੋਕੇ ਦੌਰ ‘ਚ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰੀ ਸਕੂਲਾਂ ਦੀ ਲਾਇਬਰੇਰੀਆਂ ਨੂੰ ਕੁਝ ਸਾਲਾਂ ਤੋਂ ਮੁੜ ਸਰਗਰਮ ਕੀਤਾ ਗਿਆ ਹੈ ਅਤੇ ਹਰ ਸਾਲ ਸਾਹਿਤਕ ਤੇ ਗਿਆਨ ਵਰਧਕ ਪੁਸਤਕਾਂ ਦੀ ਖਰੀਦ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਸਕੂਲ ਨੂੰ ਗ੍ਰਾਂਟ ਜਾਰੀ ਕੀਤੀ ਜਾਂਦੀ ਹੈ। ਜਿਸ ਸਦਕਾ ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ‘ਚ ਮੁੜ ਰੌਣਕਾਂ ਲੱਗਣ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕਰੋਨਾ ਸੰਕਟ ਕਾਰਨ ਸਕੂਲ ਬੰਦ ਹੋਣ ਕਰਕੇ, ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਘਰੋ-ਘਰੀ ਪੁਸਤਕਾਂ ਪਹੁੰਚਾਉਣ ਦੇ ਮਨਸੂਬੇ ਨਾਲ ਜਿਲ੍ਹਾ ਵਾਰ ਕਿਤਾਬਾਂ ਦੇ ਲੰਗਰ ਲਗਾਏ ਗਏ ਹਨ। ਜਿਸ ਤਹਿਤ ਅੱਜ ਪਟਿਆਲਾ ਜਿਲ੍ਹੇ ਦੀ ਵਾਰੀ ਸੀ।
ਬੀ.ਪੀ.ਈ.ਓ. ਪ੍ਰਿਥੀ ਸਿੰਘ ਨੇ ਦੱਸਿਆ ਕਿ ਕਿਤਾਬਾਂ ਦੇ ਲੰਗਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਾਰ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ, ਆਮ ਲੋਕ ਵੀ ਲੰਗਰ ਦਾ ਫਾਇਦਾ ਵੀ ਉਠਾ ਸਕਦੇ ਸਨ। ਉਨ੍ਹਾਂ ਕਿਹਾ ਕਿ ਕਿਤਾਬਾਂ ਦਾ ਲੰਗਰ ਜਨਤਕ ਥਾਵਾਂ ਤੇ ਧਾਰਮਿਕ ਸੰਸਥਾਵਾਂ ‘ਚ ਵੀ ਲਗਾਇਆ ਗਿਆ ਤੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਤੇ ਆਮ ਲੋਕਾਂ ਨੇ ਵੀ ਫਾਇਦਾ ਉਠਾਇਆ। ਇਸ ਸਬੰਧੀ ਪਿੰਡ ਦੇ ਦਾਨੀ ਸੱਜਣ ਨਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਉੱਦਮ ਬਹੁਤ ਹੀ ਵਿਲੱਖਣ ਤੇ ਸ਼ਲਾਘਾਯੋਗ ਹੈ। ਜੋ ਹਰ ਸਾਲ ਆਯੋੋਜਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਕੋਆਰਡੀਨੇਟਰ ਰਾਜਵੰਤ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਜਗਜੀਤ ਸਿੰਘ ਵਾਲੀਆ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪਰਵਿੰਦਰ ਸਿੰਘ ਸਰਾਂ ਹਾਜ਼ਰ ਸਨ।