FeaturedPatiala

ਪ੍ਰਨੀਤ ਕੌਰ ਵੱਲੋਂ ਪਟਿਆਲਾ ਸ਼ਹਿਰ ਨੂੰ ਮੀਂਹ ਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਹਦਾਇਤ

ਪਟਿਆਲਾ, 15 ਜੁਲਾਈ (ਅ.ਨ.ਸ.) ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਸ਼ਹਿਰ ਦੇ ਉਨ੍ਹਾਂ ਖੇਤਰਾਂ ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ, ਜਿੱਥੇ ਬੀਤੇ ਦਿਨ ਬਰਸਾਤ ਪੈਣ ਮਗਰੋਂ ਮੀਂਹ ਦਾ ਪਾਣੀ ਖੜ੍ਹੇ ਰਹਿਣ ਦੀ ਸਮੱਸਿਆ ਆਈ ਸੀ। ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਦੌਰਾਨ ਖੇੜੀ ਗੁੱਜਰਾਂ ਰੋਡ, ਕੜਾਹ ਵਾਲਾ ਚੌਂਕ, ਰਾਘੋਮਾਜਰਾ, ਚਾਂਦਨੀ ਚੌਂਕ, ਪੁਰਾਣੀ ਟ੍ਰੈਕਟਰ ਮਾਰਕੀਟ ਰੋਡ, ਧੋਬਘਾਟ, 22 ਨੰਬਰ ਫਾਟਕ ਤੋਂ 21 ਨੰਬਰ ਫਾਟਕ ਨੂੰ ਜਾਂਦੀ ਸੜਕ, ਆਦਿ ਅੱਧੀ ਦਰਜਨ ਤੋਂ ਵਧੇਰੇ ਥਾਵਾਂ ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ ਅਤੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗਲੇ ਮੀਂਹ ਤੱਕ ਪਟਿਆਲਾ ਸ਼ਹਿਰ ‘ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮੁਕੰਮਲ ਅਤੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ।

ਸੰਸਦ ਮੈਂਬਰ ਨੇ ਧੋਬਘਾਟ ਵਿਖੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਅਗਲੇ 20 ਦਿਨਾਂ ‘ਚ ਕਰਨ ਲਈ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ‘ਤੇ ਹੱਲ ਹੋ ਜਾਵੇਗਾ ਅਤੇ ਅਗਲੇ ਮੀਂਹ ਦੇ ਸੀਜਨ ਦੌਰਾਨ ਅਜਿਹੀ ਕੋਈ ਸਮੱਸਿਆ ਨਹੀਂ ਰਹੇਗੀ। ਕੜਾਹਵਾਲਾ ਚੌਂਕ ਵਿਖੇ ਦੁਕਾਨਦਾਰਾਂ ਨੇ ਨਗਰ ਨਿਗਮ ਦੀ ਇਸ ਗੱਲੋਂ ਪਿੱਠ ਥਾਪੜੀ ਕਿ ਜਿੱਥੇ 35 ਸਾਲਾਂ ਤੋਂ ਲਗਾਤਾਰ ਬਰਸਾਤੀ ਪਾਣੀ ਕਈ-ਕਈ ਦਿਨ ਖੜ੍ਹਾ ਰਹਿੰਦਾ ਸੀ, ਉਥੇ ਇਸ ਵਾਰ ਪਾਣੀ ਕੇਵਲ ਕੁਝ ਘੰਟੇ ਹੀ ਰੁਕਿਆ।

ਇੱਥੇ ਡਾ. ਜਗਬੀਰ ਸਿੰਘ ਅਤੇ ਕੁਝ ਹੋਰ ਦੁਕਾਨਦਾਰਾਂ ਨੇ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਿਗਮ ਦੇ ਅਜਿਹੇ ਯਤਨਾਂ ਸਦਕਾ ਪਟਿਆਲਾ ਸ਼ਹਿਰ ਦੇ ਨੀਂਵੇਂ ਥਾਵਾਂ ‘ਚ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਸੰਸਦ ਮੈਂਬਰ ਨੇ ਪੁਰਾਣੀ ਟ੍ਰੈਕਟਰ ਮਾਰਕੀਟ ਰੋਡ ਵਿਖੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਨਗਰ ਨਿਗਮ ਵੱਲੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ‘ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਨਿਗਮ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ ਪਰੰਤੂ ਜਿਥੇ ਕਿਤੇ ਕੋਈ ਕਮੀ-ਪੇਸ਼ੀ ਰਹਿ ਗਈ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਉਹ ਵੀ ਦੂਰ ਕਰ ਦਿੱਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਮੀਂਹ ਪੈਣ ਦੇ ਕਈ-ਕਈ ਦਿਨ ਪਾਣੀ ਖੜ੍ਹੇ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਪਰੰਤੂ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਅਜਿਹਾ ਨਹੀਂ ਹੈ। ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ‘ਚ ਕੋਈ ਵੀ ਵਿਕਾਸ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਇਹ ਸੱਦਾ ਵੀ ਦਿੱਤਾ ਕਿ ਉਹ ਪੋਲੀਥੀਨ ਦੇ ਲਿਫ਼ਾਫੇ ਅਤੇ ਹੋਰ ਕੂੜਾ ਕਰਕਟ ਬਾਹਰ ਗਲੀਆਂ ਵਿੱਚ ਖੁੱਲ੍ਹਾ ਨਾ ਸੁੱਟਣ ਅਤੇ ਸਾਫ਼-ਸਫ਼ਾਈ ਰੱਖਣ ਲਈ ਨਗਰ ਨਿਗਮ ਦਾ ਸਾਥ ਦੇਣ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ‘ਚ 640 ਕਿਲੋਮੀਟਰ ਸੀਵਰੇਜ ਲਾਈਨ ਹੈ ਅਤੇ 34 ਕਿਲੋਮੀਟਰ ਨਵੀਂ ਲਾਇਨ ਵਿਛਾਈ ਗਈ ਹੈ।

ਸੀਵਰੇਜ ਲਾਈਨਾਂ ਦੀ ਸਫ਼ਾਈ, ਜਿਹੜੀ ਕਿ ਦਹਾਕਿਆਂ ਤੋਂ ਨਹੀਂ ਸੀ ਹੋਈ, ਪਹਿਲੀ ਵਾਰ ਕਰਵਾਈ ਗਈ, ਜਿਸ ਨਾਲ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਹੋ ਚੁੱਕੀ ਹੈ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਕੁਝ ਕੁ ਬਾਕੀ ਰਹਿੰਦੀ ਸਮੱਸਿਆ ਦਾ ਵੀ ਹੱਲ ਕੱਢ ਦਿੱਤਾ ਜਾਵੇਗਾ। ਮੇਅਰ ਨੇ ਦੱਸਿਆ ਕਿ ਇਹ ਤਸੱਲੀ ਤੇ ਖੁਸ਼ੀ ਵਾਲੀ ਗੱਲ ਹੈ ਕਿ ਸ਼ਹਿਰ ‘ਚ ਕਈ ਥਾਵਾਂ ‘ਤੇ ਬਰਸਾਤੀ ਪਾਣੀ ਪਹਿਲਾਂ ਹਫ਼ਤਾ-ਹਫ਼ਤਾ ਰੁਕਿਆ ਰਹਿੰਦਾ ਸੀ ਪਰੰਤੂ ਇਸ ਵਾਰ ਇਹ ਪਾਣੀ ਕੁਝ ਘੰਟਿਆਂ ਦੇ ਅੰਦਰ-ਅੰਦਰ ਨਿਕਲ ਗਿਆ ਸੀ। ਮੇਅਰ ਸ੍ਰੀ ਬਿੱਟੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਾਸੀਆਂ ਨੂੰ ਦਰਪੇਸ਼ ਸਾਰੀਆਂ ਹੀ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਤਵੱਜੋ ਦਿੱਤੀ ਹੈ ਅਤੇ ਸਾਰੇ ਵਿਕਾਸ ਪ੍ਰਾਜੈਕਟ ਮੁਕੰਮਲ ਹੋਣ ਨਾਲ ਪਟਿਆਲਾ ਸ਼ਹਿਰ ਦੀ ਕਾਇਆਂ ਕਲਪ ਹੋ ਜਾਵੇਗੀ। ਸ੍ਰੀ ਸ਼ਰਮਾ ਨੇ ਮੁੱਖ ਮੰਤਰੀ ਤੇ ਸੰਸਦ ਮੈਂਬਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਨਾਲ-ਨਾਲ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਨਿਜੀ ਦਿਲਚਪਸੀ ਲੈਕੇ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਤੁਰੰਤ ਹੱਲ ਕਰਵਾਉਂਦੇ ਹਨ।

ਇਸ ਮੌਕੇ ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਨਿਜੀ ਸਕੱਤਰ ਬਲਵਿੰਦਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਬਲਾਕ ਪ੍ਰਧਾਨ ਅਤੁਲ ਜੋਸ਼ੀ, ਨਰੇਸ਼ ਦੁੱਗਲ, ਕਮਿਸ਼ਨਰ ਪੂਨਮਦੀਪ ਕੌਰ, ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ਼, ਨਿਗਮ ਦੇ ਐਸ.ਈ. ਸ਼ਾਮ ਲਾਲ ਗੁਪਤਾ, ਐਕਸੀਐਨ ਸੁਰੇਸ਼ ਕੁਮਾਰ ਅਤੇ ਹੋਰ ਪਤਵੰਤੇ ਸ਼ਹਿਰੀ ਵੀ ਮੌਜੂਦ ਸਨ।

Show More

Related Articles

Back to top button