
ਮੁੰਬਈ 23 ਜੁਲਾਈ (ਅ.ਨ.ਸ.) ਮਹਾਰਾਸ਼ਟਰ ਪੁਲਿਸ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਅਤੇ ਰਿਆਨ ਥੋਰਪੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਸ਼ਲੀਲ ਫਿਲਮਾਂ ਦੇ ਨਿਰਮਾਣ ਨਾਲ ਜੁੜੇ ਇੱਕ ਕੇਸ ਵਿੱਚ 7 ਦਿਨਾਂ ਦੀ ਹੋਰ ਪੁਲਿਸ ਹਿਰਾਸਤ ਦੀ ਮੰਗ ਕੀਤੀ। ਹੁਣ ਕੁੰਦਰਾ ਨੂੰ 27 ਜੁਲਾਈ ਤੱਕ ਜੇਲ੍ਹ ਵਿੱਚ ਰਹਿਣਾ ਪਏਗਾ। ਕੋਰਟ ਨੇ ਰਾਜ ਕੁੰਦਰਾ ਦੀ ਪੁਲਿਸ ਹਿਰਾਸਤ ਵਧਾ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਖਿਲਾਫ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਹਾਲਾਂਕਿ ਉਹ ਦੋਸ਼ਾਂ ਤੋਂ ਇਨਕਾਰ ਕਰ ਰਹੇ ਹਨ। ਇਹੀ ਨਹੀਂ ਉਹ ਪੁਲਿਸ ਪੁੱਛਗਿਛ ਵਿੱਚ ਸਹਿਯੋਗ ਵੀ ਨਹੀਂ ਕਰ ਰਹੇ ਹੈ ।
ਪੁਲਿਸ ਨੂੰ ਸ਼ੱਕ ਹੈ ਕਿ ਅਸ਼ਲੀਲ ਫਿਲਮਾਂ ਤੋਂ ਕਮਾਏ ਗਈ ਪੈਸੇ ਦੀ ਵਰਤੋਂ ਆਨਲਾਈਨ ਸੱਟੇਬਾਜ਼ੀ ਲਈ ਕੀਤੀ ਗਈ ਸੀ। ਮੁੰਬਈ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਹੀ ਕਾਰਨ ਹੈ ਕਿ ਰਾਜ ਕੁੰਦਰਾ ਦੇ ਯੈੱਸ ਬੈਂਕ ਖਾਤੇ ਅਤੇ ਯੂਨਾਈਟਿਡ ਬੈਂਕ ਆਫ ਅਫਰੀਕਾ ਦੇ ਖਾਤੇ ਵਿੱਚ ਲੈਣ-ਦੇਣ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਨੇ ਕਿਹਾ ਕਿ ਇੱਕ ਵਟਸਐਪ ਚੈਟ ਵਿੱਚ, ਉਹਨਾਂ ਪਾਇਆ ਕਿ ਰਾਜ ਕੁੰਦਰਾ 121 ਵੀਡਿਓਜ਼ ਨੂੰ ਅੰਤਰਰਾਸ਼ਟਰੀ ਪੱਧਰ ਤੇ 1.2 ਮਿਲੀਅਨ ਡਾਲਰ ਵਿੱਚ ਵੇਚਣ ਦੇ ਸੌਦੇ ਬਾਰੇ ਗੱਲ ਕਰ ਰਿਹਾ ਸੀ।
ਤੁਹਾਨੁੰ ਦੱਸ ਦੇਈਏ ਕਿ ਇਸ ਦੌਰਾਨ ਮੁੰਬਈ ਪੁਲਿਸ ਰਾਜ ਕੁੰਦਰਾ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ ਸੀ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਦੂਜੇ ਪਾਸੇ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਅਸ਼ਲੀਲ ਫਿਲਮਾਂ ਦੇ ਕੇਸ ਵਿੱਚ ਪਤੀ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਮੌਜੂਦਾ ਸਮੇਂ ਨੂੰ ਚੁਣੌਤੀਆਂ ਨਾਲ ਭਰਪੂਰ ਦੱਸਦਿਆਂ ਕਿਹਾ ਕਿ ਉਸ ਨੇ ਪਿਛਲੇ ਸਮੇਂ ਵਿੱਚ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਵਿਸ਼ਵਾਸ ਹੈ ਕਿ ਉਹ ਇਸ ਨਾਲ ਵੀ ਨਿਪਟ ਲਏਗੀ। ਕੁੰਦਰਾ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਰਾਤ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ ਰਾਹੀਂ ਕਥਿਤ ਤੌਰ ‘ਤੇ ਪ੍ਰਸਾਰਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਕੁੰਦਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸਨੂੰ 23 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।