ਕਿਉ ਟੁੱਟਦੇ ਜਾ ਰਹੇ ਹਨ ਰਿਸ਼ਤੇ?
ਕੋਈ ਵੀ ਵਿਅਕਤੀ ਆਪਣੇ ਆਪ ਵੱਡਾ ਨਹੀ ਹੁੰਦਾ, ਆਪਣੇ ਭੈਣ ਭਰਾਵਾਂ ਕਰਕੇ ਹੀ ਵੱਡਾ ਹੈ।

ਕਿਉ ਟੁੱਟਦੇ ਜਾ ਰਹੇ ਹਨ ਰਿਸ਼ਤੇ? ਮੁੱਖ ਕਾਰਨ ਹੈ ਪਿਆਰ ਮੁਹੱਬਤ ਦਾ ਘੱਟ ਜਾਣਾ। ਜਿੰਨੀ ਮਨੁੱਖ ਤਰੱਕੀ ਕਰ ਰਿਹਾ (ਸ਼ੈਤਾਨ) ਬੁੱਧੀ ਜੀਵ ਹੋ ਰਿਹਾ ਹੈ, ਉਨਾ ਆਪਣਿਆਂ ਤੋ ਦੂਰ ਤੇ ਦੁੱਖੀ ਹੋ ਰਿਹਾ। ਅੱਜ ਚਾਹੇ ਮਨੁੱਖ ਨੇ ਚੰਦ ਤੇ ਪਹੁੰਚ ਕਰ ਲਈ। ਪਰ ਆਪਣੇ ਭੈਣ ਭਰਾਵਾਂ, ਰਿਸ਼ਤੇਦਾਰੀਆਂ ਤੋ ਕੋਹਾਂ ਦੂਰ ਹੋ ਗਿਆ ਹੈ। ਇੱਕ ਵਧਦੀ ਮਹਿੰਗਾਈ, ਦੂਜਾ ਫਜ਼ੂਲ ਖਰਚੇ, ਫੈਸ਼ਨ ਪ੍ਰਸਤੀ, ਬੇਰੁਜ਼ਗਾਰੀ, ਮੁਬਾਇਲ, ਵਿਦੇਸ਼ੀ ਲਾਲਚ, ਪੈਸੇ ਦਾ ਲੈਣ-ਦੇਣ ਇਹ ਵੀ ਮੁੱਖ ਕਾਰਨ ਹਨ।
ਆਪਣਿਆਂ ਤੋ ਦੂਰ ਹੋਣ ਦੇ, ਲੋੜੋਂ ਵੱਧ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਅੰਦਾਜੀ ਵੀ ਨਫਰਤ ਦਾ ਕਾਰਨ ਬਣ ਜਾਂਦੀ ਹੈ। ਬਹੁਤੀਆਂ ਥਾਵਾਂ ਤੇ ਆਪਣਿਆਂ ਨੂੰ ਛੱਡ ਤੀਜੇ ਥਾਂ ਤੇ ਵੱਧ ਪਿਆਰ ਬਣ ਜਾਂਦਾ ਹੈ।
ਰਿਸ਼ਤਿਆਂ ਦੀਆਂ ਸੋਦੇਬਾਜ਼ੀਆ ਨੇ ਵੀ ਪਵਿੱਤਰ ਰਿਸ਼ਤਿਆਂ ਨੂੰ ਕਈ ਥਾਵਾਂ ਤੋਂ ਖਤਮ ਕਰ ਦਿੱਤਾ ਹੈ, ਮਨੁੱਖ ਚਾਹੁੰਦਾ ਕਿ ਮੈਂ ਜੋ ਕਰਾਂ ਉਹ ਹੋਵੇ, ਇਹ ਵੀ ਯਾਦ ਰੱਖਣਾ ਚਾਹੀਦਾ ਹੈ, ਕਿ ਦੂਜਿਆਂ ਨਾਲ ਹੀ ਸਾਡੀ ਹੋਂਦ ਹੈ। ਕੋਈ ਵੀ ਵਿਅਕਤੀ ਆਪਣੇ ਆਪ ਵੱਡਾ ਨਹੀ ਹੁੰਦਾ, ਆਪਣੇ ਭੈਣ ਭਰਾਵਾਂ ਕਰਕੇ ਹੀ ਵੱਡਾ ਹੈ।
ਅੱਜ ਸਮਾਜ ਵਿੱਚ ਕਿੰਨੀਆਂ ਘਟਨਾਵਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਵਿਆਹ ਸ਼ਾਦੀਆਂ ਵੀ ਟੈਂਪਰੇਰੀ, ਇੱਕ ਡਰਾਮਾ ਬਣ ਕੇ ਰਹਿ ਗਏ, ਤੇ ਸੋਦੇਬਾਜ਼ੀਆਂ ਹੋਣ ਲੱਗ ਪਈਆਂ ਹਨ। ਇਸ ਕਰਕੇ ਸਮਾਜ ਵਿੱਚ ਧੋਖਾ, ਫ਼ਰੇਬ, ਠੱਗੀਆ ਹੋਣ ਲੱਗ ਪਈਆਂ ਹਨ। ਬਾਹਰ ਦੇ ਲਾਲਚ ਨੇ ਲੱਖਾਂ ਲੋਕਾਂ ਨੂੰ ਕੰਗਾਲ ਕਰ ਦਿੱਤਾ ਹੈ। ਕਈ ਥਾਵਾਂ ਤੇ ਮੌਤਾਂ ਦਾ ਕਾਰਨ ਵੀ ਬਣਦਾ।
ਮਨੁੱਖ ਦਾ ਸੁਭਾਅ ਬਣ ਚੁੱਕਿਆ ਜਿਥੇ ਵੀ ਜੁੜਦਾ ਹੈ, ਮਤਲਬ ਕਰਕੇ। ਜੇ ਮਤਲਬ ਪੂਰਾ ਨਹੀ ਹੁੰਦਾ ਤਾਂ ਵੈਰ ਵਿਰੋਧ ਦੀ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋ ਕਿ ਸਾਨੂੰ ਅਜਿਹਾ ਨਹੀ ਕਰਨਾ ਚਾਹੀਦਾ, ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ, ਸਾਨੂੰ ਸਵਾਰਥ ਤੋ ਉਪਰ ਉਠ ਕੇ ਸਾਰਿਆਂ ਨਾਲ ਪ੍ਰੇਮ ਪਿਆਰ ਰੱਖਣਾ ਚਾਹੀਦਾ ਹੈ, ਜਦੋ ਵੀ ਔਖੇ ਮੋਕੇ ਕੰਮ ਆਉਂਦੇ ਹਨ ਤਾਂ ਆਪਣੇ ਹੀ। ਇਹ ਸਮਝ ਕੇ ਰਿਸ਼ਤਿਆਂ ਨੂੰ ਬਰਕਰਾਰ ਰੱਖੀਏ ਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੀਏ।
ਲੇਖਕ: ਹਰਪ੍ਰੀਤ ਸਿੰਘ,
ਪੱਤੋ ਪਿੰਡ ਪੱਤੋ ਹੀਰਾਂ ਸਿੰਘ, ਮੋਗਾ
ਫੋਨ ਨੰਬਰ 94658-21417