ਪਿੰਡ ਦੁੱਧਣ ਸਾਧਾਂ ਮਕਾਨ ਦੀ ਛੱਤ ਡਿੱਗਣ ਨਾਲ 2 ਬੱਚਿਆਂ ਦੀ ਮੌਤ ਪੰਜ ਜ਼ਖ਼ਮੀ
ਮ੍ਰਿਤਕ ਦੇ ਪਰਿਵਾਰ ਨੂੰ 8 ਲੱਖ ਰੁਪਏ ਮਾਲੀ ਮਦਦ 95 ਹਜਾਰ ਰੁਪਏ ਮਕਾਨ ਦੀ ਮੁਰੰਮਤ ਲਈ ਦੇਣ ਦਾ ਐਲਾਨ

ਦੇਵੀਗੜ੍ਹ 21 ਜੁਲਾਈ (ਬਲਜਿੰਦਰ ਸਿੰਘ ਖਾਲਸਾ ) ਪਿੰਡ ਦੁੱਧਨ ਸਾਧਾਂ ਵਿਖੇ ਅੱਜ ਸਵੇਰੇ ਤਕਰੀਬਨ ਪੰਜ ਵਜੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਪੰਜ ਮੈਂਬਰ ਗੰਭੀਰ ਜ਼ਖ਼ਮੀ ਹੋਣ ਅਤੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾ ਦਿੱਤਾ ਗਿਆ।
ਪਿੰਡ ਦੁੱਧਨ ਸਾਧਾਂ ਦੇ ਮੌਜੂਦਾ ਸਰਪੰਚ ਜਗਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ ਪੰਜ ਵਜੇ ਜਦੋਂ ਬਿੱਟੂ ਪੁੱਤਰ ਚਾਂਦੁ ਰਾਮ ਆਪਣੇ ਪਰਿਵਾਰ ਸਮੇਤ ਸੁੱਤਾ ਹੋਇਆ ਸੀ ਕਿ ਉਹਨਾਂ ਦੇ ਘਰ ਦੀ ਕੰਧ ਭਾਰੀ ਬਾਰਸ਼ ਕਾਰਨ ਧਸ ਗਈ ਅਤੇ ਮਕਾਨ ਦੀ ਛੱਤ ਵੀ ਡਿੱਗ ਗਈ। ਜਿਸ ਕਰਕੇ ਉਕਤ ਪਰਿਵਾਰ ਦੇ ਸੱਤ ਮੈਂਬਰ ਮਕਾਨ ਦੀ ਛੱਤ ਹੇਠ ਦੱਬੇ ਗਏ।
ਉਹਨਾਂ ਦੱਸਿਆ ਕਿ ਮਕਾਨ ਡਿੱਗਣ ਦਾ ਪਤਾ ਚੱਲਦਿਆਂ ਹੀ ਗਵਾਂਢੀਆਂ ਵੱਲੋਂ ਪਰਿਵਾਰ ਦੇ ਜੀਆਂ ਨੂੰ ਬਾਹਰ ਕੱਢਿਆ ਗਿਆ। ਜਿਸ ਵਿਚ ਉਨ੍ਹਾਂ ਦੇ ਦੋ ਬੱਚੇ ਲੜਕੀ ਤਾਨੀਆ,ਲੜਕਾ ਸਚਿਨ, ਦੀ ਮੌਤ ਹੋ ਗਈ। ਪਤਨੀ ਨੀਲਮ, ਮੁਨੀਸ਼,ਹੰਸ ਅਤੇ ਕਪਿਲ ਸਨ। ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਵੱਲੋਂ ਲੜਕੀ ਤਾਨੀਆ 7 ਸਾਲ ਅਤੇ ਲੜਕਾ ਸਚਿਨ 5 ਸਾਲ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਡਾਕਟਰੀ ਜਾਂਚ ਉਪਰੰਤ ਦੋਵਾਂ ਭੈਣ ਭਰਾਵਾਂ ਦਾ ਸਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ, ਆਪ ਆਗੂ ਬਲਦੇਵ ਸਿੰਘ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਪੱਤਰਕਾਰਾ ਨਾਲ ਗੱਲ ਕਰਦਿਆਂ ਤਹਿਸੀਲਦਾਰ ਸਰਬਜੀਤ ਸਿੰਘ ਅਤੇ ਜੋਗਿੰਦਰ ਸਿੰਘ ਕਾਕੜਾ ਵੱਲੋ ਦੋਵਾਂ ਬੱਚਿਆਂ ਦਾ 4/4 ਲੱਖ ਰੁਪਏ ਅਤੇ 95 ਹਜ਼ਾਰ ਰੁਪਏ ਮਕਾਨ ਦੀ ਮੁਰੰਮਤ ਲਈ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਆਪ ਆਗੂ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਵੀ ਪਰਿਵਾਰ ਨੂੰ 5 ਹਜ਼ਾਰ ਰੁਪਏ ਨਗਦ ਰਾਸ਼ੀ ਦੇ ਕੇ ਮਦਦ ਕੀਤੀ ਗਈ।ਇਸ ਮੌਕੇ ਐਸ ਡੀ ਐਮ ਅੰਕੂਰਜੀਤ ਸਿੰਘ, ਤਹਿਸੀਲਦਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਬੀ ਡੀ ਪੀ ਓ ਸੁਖਵਿੰਦਰ ਸਿੰਘ ਟਿਵਾਣਾ ਨੇ ਵੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।